- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਇਹ ਮਖਮਲੀ ਬਿਸਤਰੇ
ਮੇਰੇ ਯ਼ਾਰ ਦੇ ਬਿਰਹੇ ਵਿੱਚ
ਕੰਡਿਆਲੀਆਂ ਸੇਜਾਂ ਵਾਲੇ ਰੋਗ ਨੇ,
ਵਿਕਰਾਲ ਫਨਾਂ ਦੇ ਧਾਰਣੀ
ਵਿਹੁਧਰ ਨਾਗ,
ਜੋ ਕੇਵਲ ਸਰੀਰ ਨੂੰ ਹੀ ਨਹੀਂ
ਆਤਮਾ ਨੂੰ ਵੀ
ਪਲ-ਪਲ
ਵਿਛੋੜੇ ਦੀਆਂ
ਗੁੱਝੀਆਂ ਚੋਭਾਂ ਮਾਰਦੇ ਨੇ,
ਵਿੱਸ ਭਰੇ ਡੰਗਾਂ ਨਾਲ
ਅੰਦਰ ਤੱਕ
ਛਲਣੀ ਪਏ ਕਰਦੇ ਨੇ;
ਕਿੰਝ ਮਾਣਾ ਮੇਰੇ ਕੰਤ ਪਿਆਰੇ,
ਤੁਧ ਬਾਝੋਂ ਸੇਜ ਪਰਾਈਆਂ;
ਮੇਰੇ ਸਾਈਆਂ ਜੀ !
ਏਸ ਮਲੂਕ ਜਿੰਦ ਨੂੰ
ਤੇਰੇ ਵਿਛੋੜੇ ਦੀਆਂ ਸੂਲਾਂ
ਇਸ ਜ਼ਿੰਦਗੀ ਰੂਪੀ ਰਾਤ ਵਿੱਚ
ਹਰ ਵਿਸੁਏ
ਹਰ ਚਸੇ ਡੰਗਦੀਆਂ ਨੇ;
ਇੱਕ ਘੜੀ ਦਾ ਵਿਛੋੜਾ
ਯੁਗਾਂ ਲੰਮੇਰੇ ਅਮੁੱਕ
ਮਹਾਂ-ਕਸ਼ਟਕਾਰੀ
ਕਲਜੁਗ ਦੇ ਨਿਆਂਈ
ਇੰਝ ਆ ਬਣਿਆ ਹੈ
ਮੇਰੇ ਪ੍ਰੀਤਮਾ !
ਕਿ ਨੀਂਦ ਵਿਚਲੇ
ਤੇਰੇ ਸੁਪਨ ਦੀਦਾਰੇ ਦੀ ਤਾਂਘ
ਤੇ ਨੀਂਦ ਟੁੱਟਣ 'ਤੇ
ਮੁੜ ਅਸਹਿ ਵਿਛੋੜੇ
ਦੀ ਬਿਹਬਲਤਾ ਵਿੱਚ ਤੜਫਦੀ
ਮੇਰੀ ਜਿੰਦੜੀ
ਹੇ ਪ੍ਰਭੂ ਜੀ !
ਹੁਣ ਬਸ ਤੇਰੇ
ਤੇਰੇ ਹੀ ਮੇਲ ਦੀ
ਸਵਾਤੀ ਬੂੰਦ ਨੂੰ ਤਰਸਦੀ
ਹਰ ਸਾਹ ਦੇ ਨਾਲ,
ਪਿਹੁ ਪਿਹੁ ਕੂਕ ਰਹੀ ਹੈ;
ਮੇਰਿਆ ਮਾਲਕਾ, ਆ !
ਮੈਨੂੰ ਅਪੂਰਨ ਤੋਂ
ਪੂਰਨ ਕਰ ਦੇ ...