- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਬਹੁਤ ਸੌਖਾ ਹੁੰਦਾ ਹੈ,
ਸੁਧਾਰਵਾਦ ਦੇ ਬੀਅ,
ਸਿਰਫ਼ ਤੇ ਸਿਰਫ਼,
ਆਪਣੇ ਬੋਲਣ ਵਿੱਚ ਖਿਲਾਰਨਾ;
ਭੀੜਾਂ ਵਿੱਚ,
ਜੋਸ਼ੀਲੀਆਂ ਤਕਰੀਰਾਂ ਦੇਣਾ;
ਸਿਧਾਂਤਾਂ ਦੇ ਨਾਮ ‘ਤੇ
ਉੱਚੇ-੨ ਨਾਹਰੇ ਲਾਉਣਾ,
ਤੇ ਬਦਲੇ ਵਿੱਚ,
ਕੋਰੇ ਪਿਛਲੱਗੂਆਂ ਦੀ,
ਵਾਹ-ਵਾਹੀ ਨੂੰ ਲੁੱਟ ਲੈ ਜਾਣਾ;
ਤੇ ਨਾਲ ਹੀ ਲੋਕਾਂ ਦੀਆਂ
ਭਾਵਨਾਵਾਂ ਨੂੰ ਵਰਗਲਾ,
ਡਾਲਰ ਤੇ ਨੋਟ ਕੱਠੇ ਕਰਨਾ ...
ਪਰ ਉੰਨਾ ਹੀ ਔਖਾ ਹੁੰਦਾ ਹੈ,
ਸੁਧਾਰ ਦੀ ਪਉਂਦ ਨੂੰ,
ਆਪਣੇ ਕਿਰਦਾਰ ਦੇ ਖੇਤ ਵਿੱਚ
ਸਾਹ ਲੈਣ ਦਾ ਮੌਕਾ ਦੇਣਾ,
ਅਤੇ ਆਪਣੇ ਆਚਰਣ ਦੇ ਨਾਲ
ਇਸਨੂੰ ਸਿੰਜਣਾ;
ਆਪਣੀ ਹੀ ਸੋਚ ਵਿੱਚ ਡੱਟ ਕੇ
ਲਾਗੂ ਕਰ,
ਇਸਦੀ ਫ਼ਸਲ ਦੀ ਰਾਖੀ ਕਰਨਾ;
ਤੇ ਆਪਣੇ ਹੀ ਕਹੇ ਪ੍ਰਚਾਰੇ ਗਏ,
ਨਾਹਰਿਆਂ ਤੇ ਤਕਰੀਰਾਂ ਉੱਤੇ,
ਸਿਰ ਭੀੜ ਬਣੀ ‘ਤੇ
ਚੱਲ ਵਿਖਾਉਣਾ ...
ਮਰਦਾਨਗੀ ਤੇ ਕਿਰਦਾਰ ਦੀ ਪਰਖ,
ਇਹੀਓ ਪਰਖ ਦੀ,
ਇੱਕੋ ਘੜੀ ਕਰਦੀ ਹੈ;
ਤੇ ਜਿਹੜਾ ਵੇਲੇ ਪਏ ਝੁੱਕ ਜਾਵੇ,
ਉਹ ਸ਼ਾਮਿਲ ਹੋ ਜਾਂਦਾ ਹੈ,
ਉਹਨਾਂ ਜ਼ਮੀਰੋਂ ਮੁਰਦਿਆਂ ਦੀ,
ਸਿਰ-ਕਟੀ ਕਤਾਰ ਵਿੱਚ,
ਜਿਸਦਾ ਜੀਵਨ ਵੀ,
ਕੂੜ੍ਹ ਵਿੱਚ ਗਰਕ ਹੋ,
ਦੁਰਗੰਧ ਭਰਿਆ ਹੋ ਜਾਂਦਾ ਹੈ,
ਕਿਸੇ ਲਾਸ਼ਾਂ ਦੇ ਢੇਰ ਵਾਂਗ !
~~~~~~~~~~~~~~~~~~~~~~~~~~~~~~~~~~~~~~~~
- پروفیسر کولدیپ سنگھ کنول
بہت سوکھا ہندا ہے،
سدھارواد دے بیء،
صرف تے صرف،
اپنے بولن وچّ کھلارنا؛
بھیڑاں وچّ،
جوشیلیاں تقریراں دینا؛
سدھانتاں دے نام ‘تے
اچے-2 نعرے لاؤنا،
تے بدلے وچّ،
کورے پچھلگوآں دی،
واہ-واہی نوں لٹّ لے جانا؛
تے نال ہی لوکاں دیاں
بھاوناواں نوں ورغلا،
ڈالر تے نوٹ کٹھے کرنا ...
پر انا ہی اوکھا ہندا ہے،
سدھار دی پؤند نوں،
اپنے کردار دے کھیت وچّ
ساہ لین دا موقع دینا،
اتے اپنے آچرن دے نال
اسنوں سنجنا؛
اپنی ہی سوچ وچّ ڈٹّ کے
لاگوُ کر،
اسدی فصل دی راکھی کرنا؛
تے اپنے ہی کہے پرچارے گئے،
نعریاں تے تقریراں اتے،
سر بھیڑ بنی ‘تے
چل وکھاؤنا ...
مردانگی تے کردار دی پرکھ،
اہیؤ پرکھ دی،
اکو گھڑی کردی ہے؛
تے جہڑا ویلے پئے جھکّ جاوے،
اوہ شامل ہو جاندا ہے،
اوہناں زمیروں مردیاں دی،
سر-کٹی قطار وچّ،
جسدا جیون وی،
کوڑھ وچّ غرق ہو،
درگندھ بھریا ہو جاندا ہے،
کسے لاشاں دے ڈھیر وانگ !