- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਅੱਜ ਕੁਝ ਪੁਰਾਣੀਆਂ ਲਿਖਤਾਂ ਨੂੰ ਫਰੋਲਦਿਆਂ ਇੱਕ ਗੁੰਮ ਹੋਈ ਨਜ਼ਮ ਹੱਥੀਂ ਪਈ, ਜਿਸਨੂੰ ਪੜ੍ਹ ਕੇ ਮਹਿਸੂਸ ਕੀਤਾ ਕਿ ਇਹ ਜ਼ਿੰਦਗੀ ਵੀ ਕਿੰਨੀ ਅਜੀਬ ਹੈ ਕਿ ਸਮੇਂ ਤੇ ਹਲਾਤਾਂ ਦੇ ਨਾਲ ਬਦਲ ਕੇ ਰੌਜ਼ਾਨਾ ਕਿੰਝ ਆਪਣੇ-ਆਪ ਨੂੰ ਇੱਕ ਵੱਖਰੇ ਹੀ ਵਜੂਦ ਵਜੋ ਪੇਸ਼ ਕਰਦੀ ਰਹਿੰਦੀ ਹੈ; ਇੰਝ ਕਿ ਆਪਣੇ ਹੀ ਖਿਆਲ ਸਮਾਂ ਪਾ ਕੇ ਬੇਗਾਨੇ ਲੱਗਣ ਲੱਗਦੇ ਹਨ ਜਾਂ ਕਹਿ ਲਵੋ ਸਮੇਂ ਦੇ ਨਾਲ ਜ਼ਿੰਦਗੀ ਦੇ ਇਉਂ ਅਰਥ ਬਦਲ ਜਾਂਦੇ ਨੇ ਕਿ ਪੁਰਾਣੇ ਅਰਥਾਂ ਦੇ ਚਹਿਰਿਆਂ ਦੀਆਂ ਨੁਹਾਰਾਂ ਵੀ ਨਾ-ਪਛਾਣ ਹੋਣ ਦੀ ਹਾਲਤ ਤੱਕ ਧੁੰਦਲੀਆਂ ਹੋ ਜਾਂਦੀਆਂ ਹਨ, ਕਿਉਂਕਿ ਹੁਣ ਜ਼ਿੰਦਗੀ ਦੇ ਚਹਿਰੇ ਦੀ ਕੋਈ ਨਵੀਂ ਹੀ ਘਾੜਤ ਘੜੀ ਜਾ ਚੁਕੀ ਹੁੰਦੀ ਹੈ ....
ਬੇਸ਼ਕ ਪੁਰਾਣੇ ਅਰਥ ਸਾਡੀ ਜ਼ਿੰਦਗੀ ਦੀ ਕੜੀ ਵਿੱਚੋਂ ਨਿਕਲ ਜਾਂਦੇ ਨੇ ਪਰ ਉਹਨਾਂ ਦੇ ਵਜੂਦ ਨੂੰ ਕਿਸੇ ਕੋਨੇ 'ਚ ਸੰਜੋਏ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਕੁਝ ਵੀ ਹੋਵੇ ਕਦੇ ਨਾ ਕਦੇ ਤਾਂ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਰਹੇ ਸਨ ਜਿਸਦੇ ਨਾਤੇ ਉਹਨਾਂ ਨੂੰ ਬਣਦਾ ਸਨਮਾਨ ਦੇਣਾ ਤਾਂ ਲਾਜ਼ਿਮ ਬਣ ਹੀ ਜਾਂਦਾ ਹੈ ਨਾ ?
ਸੋ ਉਸ ਗੁੰਮ ਪਈ ਨਜ਼ਮ ਨੂੰ ਇੱਥੇ ਸਭ ਦੋਸਤਾਂ/ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ ....
ਕਿੰਨਾ ਸੌਖਾ ਹੁੰਦਾ ਹੈ
ਫਲਸਫਿਆਂ ਵਿੱਚ
ਝੂਟੇ ਖਾਉਂਦੇ ਕਹਿਣਾ
ਕਿ ਪ੍ਰੀਤ ਤਾਂ ਬਸ
ਦਿਲਾਂ ਦੀ ਹੁੰਦੀ ਏ;
ਤੇ ਸਮੋਈਆਂ ਹੁੰਦੀਆਂ ਨੇ
ਇਸ ਵਿੱਚ
ਕੇਵਲ ਤੇ ਕੇਵਲ
ਖਵਾਬੀ ਖਿੜ੍ਹੇ ਗੁਲਾਬਾਂ ਜਿਹੀਆਂ
ਹਜ਼ਾਰਾਂ ਅਣਦੱਸ ਭਾਵਨਾਵਾਂ
ਜੋ ਸੀਮਿਤ ਨਹੀਂ ਹੁੰਦੀਆਂ
ਸਰੀਰਾਂ ਦੀਆਂ ਖਿੱਚਾਂ ਤੀਕ
ਬਲਕਿ ਰੂਪਮਾਨ ਕਰਦੀਆਂ ਨੇ
ਮਨ ਦੇ ਮੇਲਾਂ ਨੂੰ;
ਤੇ ਇਹ ਕਹਿਣਾ ਕਿ
ਸੱਚੀ ਮੁਹੱਬਤ
ਸਾਫ਼ ਤੇ ਸ਼ਫਾਫ਼ ਹੁੰਦੀ ਏ
ਰੂਹਾਨੀਅਤ ਦੇ ਦੁਆਰੇ ਵਾਂਗਰ
ਤੇ ਨਹੀਂ ਹੁੰਦਾ
ਏਸ ਵਿੱਚ ਕੋਈ ਗਰਜ਼
ਜ਼ਮਾਨੇ ਦੀ ਲਾਗ
ਤੇ ਅਣਛੂਹੀ
ਲਕੋਈ ਛੁਪਾਈ ਗਈ ਲਪੇਟ ...
ਪਰ ਇਹ ਤਥਾਕਥਿਤ
ਕੋਰੀ ਫ਼ਲਸੂਈ ਸੱਚਾਈ
ਖੇਰੂ-੨ ਹੋ ਜਾਂਦੀ ਏ
ਯਥਾਰਥ ਦੇ ਧਰਾਤਲ ‘ਤੇ
ਆਉਣ ਦੇ ਨਾਲ ਹੀ;
ਤੇ ਖਿਣ-ਭੰਗੁਰ ਹੋਂਦ ਏਸਦੀ
ਪਲਾਂ ਵਿੱਚ ਹੀ ਇਉਂ
ਗਵਾ ਬੈਠਦੀ ਹੈ
ਆਪਣੀ ਪੂਰੇ ਦੀ ਪੂਰੀ ਹਸਤੀ
ਕਿਸੇ ਧੁੰਦ ਵਾਂਕਰ ਉੱਡ
ਜ਼ਮੀਨੀ ਹਾਲਾਤਾਂ ਦੇ
ਸੂਰਜ ਦੇ ਚੜ੍ਹਦਿਆਂ ਹੀ;
ਤੇ ਸਾਰੇ ਅੰਨ੍ਹੇ ਅਹਿਸਾਸਾਂ ਦੇ
ਵਜੂਦ ਨੂੰ
ਇਸ ਤਰ੍ਹਾਂ ਜੜ੍ਹ ਤੋਂ ਮੁਕਾਉਂਦਿਆਂ
ਕਿ ਮਰ ਜਾਂਦਾ ਹੈ
ਸੋਚ ਦੀ ਚੀਕਣੀ ਤੋਂ ਘੜਿਆ
ਕੋਈ ਕਾਲਪਨਿਕ ਦੇਵਤਾ
ਪੈਗੰਬਰ ਤੇ ਸੰਤ;
ਤੇ ਰਹਿ ਜਾਂਦਾ ਹੈ ਪਿੱਛੇ
ਕੇਵਲ ਹੱਡ ਮਾਸ ਦਾ
ਅਸਲੀ ਫਿਰਦਾ-ਤੁਰਦਾ ਮਨੁੱਖ !
~~~~~~~~~~~~~~~~~~~~~~~~~~~~~~~~~
- پروفیسر کولدیپ سنگھ کنول
اج کجھ پرانیاں لکھتاں نوں پھرولدیاں اک گمّ ہوئی نظم ہتھیں پئی، جسنوں پڑھ کے محسوس کیتا کہ ایہہ زندگی وی کنی عجیب ہے کہ سمیں تے ہلاتاں دے نال بدل کے روزانا کنجھ اپنے-اپنے نوں اک وکھرے ہی وجود وجو پیش کردی رہندی ہے؛ انجھ کہ اپنے ہی خیال سماں پا کے بیگانے لگن لگدے ہن جاں کہہ لوو سمیں دے نال زندگی دے ایوں ارتھ بدل جاندے نے کہ پرانے ارتھاں دے چہریاں دیاں نہاراں وی نہ-پچھان ہون دی حالت تکّ دھندلیاں ہو جاندیاں ہن، کیونکہ ہن زندگی دے چہرے دی کوئی نویں ہی گھاڑت گھڑی جا چکی ہندی ہے ....
بے شک پرانے ارتھ ساڈی زندگی دی کڑی وچوں نکل جاندے نے پر اوہناں دے وجود نوں کسے کونے 'چ سنجوئے رکھنا وی ضروری ہندا ہے کیونکہ کجھ وی ہووے کدے نہ کدے تاں اوہ ساڈی زندگی دا حصہ ضرور رہے سن جسدے ناطے اوہناں نوں بندا سنمان دینا تاں لازم بن ہی جاندا ہے نہ ؟
سو اس گمّ پئی نظم نوں اتھے سبھ دوستاں/پاٹھکاں نال سانجھا کر رہا ہاں ....
کنا سوکھا ہندا ہے
پھلسپھیاں وچّ
جھوٹے کھاؤندے کہنا
کہ پریت تاں بس
دلاں دی ہندی اے؛
تے سموئیاں ہندیاں نے
اس وچّ
کیول تے کیول
کھوابی کھڑھے گلاباں جہیاں
ہزاراں اندسّ بھاوناواں
جو سیمت نہیں ہندیاں
سریراں دیاں کھچاں تیک
بلکہ روپمان کردیاں نے
من دے میلاں نوں؛
تے ایہہ کہنا کہ
سچی محبت
صاف تے شفاف ہندی اے
روحانیت دے دوارے وانگر
تے نہیں ہندا
ایس وچّ کوئی غرض
زمانے دی لاگ
تے انچھوہی
لکوئی چھپائی گئی لپیٹ ...
پر ایہہ تتھاکتھت
کوری فلسوئی سچائی
کھیرو-2 ہو جاندی اے
یتھارتھ دے دھراتل ‘تے
آؤن دے نال ہی؛
تے کھن-بھنگر ہوند ایسدی
پلاں وچّ ہی ایوں
گوا بیٹھدی ہے
اپنی پورے دی پوری ہستی
کسے دھند وانکر اڈّ
زمینی حالاتاں دے
سورج دے چڑھدیاں ہی؛
تے سارے انھے احساساں دے
وجود نوں
اس طرحاں جڑھ توں مکاؤندیاں
کہ مر جاندا ہے
سوچ دی چیکنی توں گھڑیا
کوئی کالپنک دیوتا
پیغمبر تے سنت؛
تے رہِ جاندا ہے پچھے
کیول ہڈّ ماس دا
اصلی پھردا-تردا منکھ !
No comments:
Post a Comment