- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਸਭ ਰਮਜ਼ਾਂ ਖੋਲ੍ਹ ਬਿਆਨ ਕਰਾਂ, ਚਿਹਰਿਆਂ ਤੇ ਨਕਾਬਾਂ ਦੀ,
ਕੁਝ ਚਿਹਰੇ ਨਕਾਬਾਂ ਵਿੱਚ ਕੱਜੇ, ਕੁਝ ਖੁਦ ਨਕਾਬ ਬਣੇਂਦੇ ਨੇ
ਅਦਬ ਵਿਹੂਣਾ ਭਾਂਬੜ ਮੱਚਿਐ, ਕੁਤਰਕ ਹਨੇਰੀ ਝੁੱਲੀ ਜੋ
ਲੋਚੇ ਹਰ ਜ਼ਿਹਨ ਖਾਕ ਕਰੇ, ਜਿਤ ਸੱਤ ਵਿਚਾਰ ਵਸੇਂਦੇ ਨੇ
ਜਜ਼ਬਾਤਾਂ ਵਹਿਣੀ ਕੁਝ ਵਹੇ, ਮੋੜੀ ਨੁਹਾਰ ਕਿਸੇ ਸ਼ਾਤਿਰ
ਵਾਵਰੋਲਿਆਂ ਦੀ ਘੇਰੀ ਘੁੰਮਣ, ਨਾ ਤੱਥ ਸਾਰ ਕਿਤ ਪੈਂਦੇ ਨੇ
ਹਉਮੈ ਅਗਨ ਵਿਕਰਾਲ ਮਚੀ, ਚੁਣ ਚੁਣ ਸਾੜੇ ਨਾ-ਮੇਚਾਂ ਨੂੰ
ਅੰਦਰੋਂ ਖਾਲ੍ਹੀ ਬਾਹਰੋਂ ਕੁੱਥਰੇ, ਬਸ ਵਿੱਸ ਘੋਲਦੇ ਰਹਿੰਦੇ ਨੇ
ਬਿਨ ਉਤਰੇ ਮੋਤੀ ਦੇ ਦਾਅਵੇ, ਚੱਲੀ ਇਹ ਤਹਜ਼ੀਬ ਨਵੀਂ
ਫਲੋਂ ਸੱਖਣੇ ਸਫਾਂ ਜੁੜ ਬੈਠੇ ਜੋ, ਫ਼ਲਸਫ਼ਿਆਂ ਦੀ ਕਹਿੰਦੇ ਨੇ
ਉਧਾਰੇ ਲਕਬਾਂ ਦੀ ਚੜ੍ਹ ਗੁੱਡੀ, ਉਧਾਰੇ ਅਸਮਾਨੀਂ ਰਹਿੰਦੇ ਨੇ
ਜਿਉਂਣ ਅਧਿਕਾਰ ਖੋਹ ਬੁੱਧ ਤੋਂ, ਬੁੱਧ ਜੀਵ ਬਣ ਬਹਿੰਦੇ ਨੇ
ਸਜ ਖੂਬ ਫਰੇਬ ਦੁਕਾਨ ਰਹੀ, ਅੰਧਿਆਂ ਦੀ ਲਾ ਭੀੜ ਬੜੀ
ਵਣਜ ਕੂੜ੍ਹ ਤੇ ਕੁਫ਼ਰ ਤੋਲਣ, ਲੇਬਲ ਸੱਚ ਲਾ ਕੇ ਦੇਂਦੇ ਨੇ
~~~~~~~~~~~~~~~~~~~~~~~~~~~~
- پروفیسر کولدیپ سنگھ کنول
سبھ رمزاں کھولھ بیان کراں، چہریاں تے نکاباں دی،
کجھ چہرے نکاباں وچّ کجے، کجھ خود نقاب بنیندے نے
ادب وہونا بھامبڑ مچئ، کترک ہنیری جھلی جو
لوچے ہر ذہن خاک کرے، جت ستّ وچار وسیندے نے
جذباتاں وہنی کجھ وہے، موڑی نہار کسے شاطر
واورولیاں دی گھیری گھمن، نہ تتھّ سار کت پیندے نے
ہؤمے اگن وکرال مچی، چن چن ساڑے نہ-میچاں نوں
اندروں کھالھی باہروں کتھرے، بس وسّ گھولدے رہندے نے
بن اترے موتی دے داعوے، چلی ایہہ تہذیب نویں
پھلوں سکھنے صفاں جڑ بیٹھے جو، فلسفیاں دی کہندے نے
ادھارے لقباں دی چڑھ گڈی، ادھارے اسمانیں رہندے نے
جیونن ادھیکار کھوہ بدھ توں، بدھ جیو بن بہندے نے
سج خوب فریب دوکان رہی، اندھیاں دی لا بھیڑ بڑی
ونج کوڑھ تے کفر تولن، لیبل سچ لا کے دیندے نے