- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
... ਤੇ ਉਹ ਕਹਿੰਦੇ ਨੇ
ਕਿ ਸਵਾਲ ਹੀ ਨਹੀਂ
ਕੋਈ ਵੱਖਰੀ ਹੋਂਦ ਦਾ;
ਇੱਕ ਅੰਗ ਹੀ ਹੈ ਸਿਰਫ਼,
ਜਦਕਿ ਮਸਲਾ ਹੀ ਹੈ ਸਾਰਾ
ਵੱਖਰੀ ਹੋਂਦ ਦਾ;
ਤੇ ਇਹ ਵੱਖਰੀ ਹੋਂਦ ਤਾਂ
ਆਰੰਭ ਹੋ ਜਾਂਦੀ ਹੈ,
ਪਹਿਲੇ ਅੱਖਰ ਤੋਂ ਹੀ;
ਜਿੱਥੇ ਸ਼ੁਰੂਆਤ ਹੀ
ਹੁੰਦੀ ਹੈ ੧ (ਇੱਕ) ਨਾਲ
ਤੇ ਉਹ ਵੀ ਨਫਰੀ ਲਿੱਖ ਕੇ,
ਕਿ ਕੋਈ ਭੇਦ ਨਾ ਰਹੇ,
ਫ਼ੇਰ ਉਸਦਾ ਮੇਲ ਤਾਂ
ਕੋਈ ਮੂਰਖ ਵੀ ਨਹੀਂ
ਬਿਠਾਲ ਸਕਦਾ
ਤੇਤੀ ਕਰੋੜਾਂ ਨਾਲ;
ਤੇ ਜਿੱਥੇ
ਅਕਸਰੀਅਤ ਤੋਂ ਵੱਧ
ਇਸ਼ਟ ਹੋਣ 'ਤੇ
ਹਰ ਚੜ੍ਹੇ-ਦਿਨ
ਸਮੁੱਚੀ ਖ਼ਲਕਤ ਹੀ
ਸ਼ਿਕਾਰ ਹੋਵੇ
ਦਰ-੨ ਜਾ
ਮਲੀਨ ਹੋਣ ਦੀ
ਗ਼ੁਲਾਮ ਮਾਨਸਿਕਤਾ ਦੀ؛
ਫ਼ੇਰ ਕਿੰਝ
ਮੇਲ ਬੈਠੇਗਾ ਓਸਦਾ
ਜਿੱਥੇ,
ਹੋਂਦ ਇੱਕ,
ਸਿਧਾਂਤ ਇੱਕ,
ਸੋਚ ਇੱਕ
ਤੇ ਕਰਮ ਵੀ ਇੱਕ;
ਤੇ ਜੇ ਅਜਿਹੀ ਸੋਚ
ਕੁਥਾਂਏ ਭਟਕ ਰਹੀ ਹੈ ਅੱਜ
ਤਾਂ ਕਾਰਨ ਵੀ ਇਹੋ
ਇੱਕ ਨਾਲੋਂ ਟੁੱਟਣਾ ਹੈ;
ਇੱਕ ਤੋਂ ਟੁੱਟੇ
ਤੇ ਟੁੱਟਦੇ-੨ ਭੁਰ ਗਏ;
ਤੇ ਫ਼ੇਰ ਭੁਰਿਆਂ ਦਾ ਤੇ
ਕੋਈ ਵਜੂਦ ਵੀ ਨਹੀਂ ਗੋਲਦਾ,
ਬੱਸ
ਬੁੱਲਾ ਹੀ ਕਾਫ਼ੀ ਹੈ ਹਵਾ ਦਾ
ਅਜਿਹੀ ਖ਼ਾਕ ਨੂੰ
ਰੋਲ ਮੇਟਣ ਨੂੰ ...
No comments:
Post a Comment