- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਸਭ ਬੋਲਣੇ ਦੇ ਹੱਕ ਖੋਹੇ, ਮੂੰਹ ਕਰਨਾ ਹਰ ਬੰਦ ਹੈ |
ਬਸ ਘੁੱਟ ਰੱਖ ਸਾਹਾਂ ਨੂੰ, ਜਮਹੂਰੀਅਤ ਬੁਲੰਦ ਹੈ |
ਲਾਸ਼ਾਂ ‘ਤੇ ਡਾਹ ਕੁਰਸੀਆਂ, ਚੋਇਆ ਜੋ ਖੂਨ ਪਾਵਿਆਂ,
ਲਹੂ ਲਿੱਬੜੇ ਨੇ ਬੋਲਦੇ, ਜਮਹੂਰੀਅਤ ਬੁਲੰਦ ਹੈ |
ਰਾਖਿਆਂ ਦੀ ਮੌਜ-ਭੇਟ ਨੇ, ਮਲੂਕ ਕੂੰਜਾਂ ਰੱਜ ਨੋਚੀਆਂ,
ਹੁਣ ਚੀਥੜੇ ਪੁਕਾਰਦੇ, ਜਮਹੂਰੀਅਤ ਬੁਲੰਦ ਹੈ |
ਹੰਝੂਆਂ ਗੜੁੱਚ ਅੱਖੀਆਂ, ਤਾਂਘ ਰਹੀਆਂ ਘਰ ਵਾਪਸੀ,
ਅਣਪਛਾਤ ਲੋਥ ਕੂਕੇ, ਜਮਹੂਰੀਅਤ ਬੁਲੰਦ ਹੈ |
ਵਤਨ ਪ੍ਰਸਤੀ ਢਾਲ ਆ, ਬਣੇ ਮਨੁੱਖਤਾ ਦੇ ਘਾਣ ਦੀ,
ਕੁਸਕਿਆ ਗੱਦਾਰ ਬਣੇ, ਜਮਹੂਰੀਅਤ ਬੁਲੰਦ ਹੈ |
ਹੁਣ ਫਾਂਸੀਆਂ ਤੇ ਗੋਲੀਆਂ, ਹਾਸਿਲ ਨੇ ਹਰ ਆਵਾਜ਼ ਦੇ,
ਦੜ੍ਹ ਵੱਟ ਜ਼ਮਾਨਾ ਕੱਟ, ਜਮਹੂਰੀਅਤ ਬੁਲੰਦ ਹੈ |
ਨਪੁੰਸਕਾਂ ਦੀ ਭੀੜ੍ਹ ਸਭ, ਸਿਰ ਝੁਕਾ ਹੈ ਜੀਣਾ ਧਾਰਿਆ,
ਜਾ ਇਜ਼ਤਾਂ ਪਰੋਸ ਰੱਖ, ਜਮਹੂਰੀਅਤ ਬੁਲੰਦ ਹੈ |
~~~~~~~~~~~~~
- پروفیسر کولدیپ سنگھ کنول
سبھ بولنے دے حق کھوہے، منہ کرنا ہر بند ہےبس گھٹّ رکھ ساہاں نوں، جمہوریات بلند ہے
لاشاں ‘تے ڈاہ کرسیاں، چویا جو خون پاویاں،
لہو لبڑے نے بولدے، جمہوریات بلند ہے
راکھیاں دی موج-بھیٹ نے، ملوک کونجاں رجّ نوچیاں،
ہن چیتھڑے پکاردے، جمہوریات بلند ہے
ہنجھوآں گڑچّ اکھیاں، تانگھ رہیاں گھر واپسی،
انپچھات لوتھ کوکے، جمہوریات بلند ہے
وطن پرستی ڈھال آ، بنے منکھتا دے گھان دی،
کسکیا غدار بنے، جمہوریات بلند ہے
ہن پھانسیاں تے گولیاں، حاصل نے ہر آواز دے،
دڑھ وٹّ زمانہ کٹّ، جمہوریات بلند ہے
نپنسکاں دی بھیڑھ سبھ، سر جھکا ہے جینا دھاریا،
جا ازتاں پروس رکھ، جمہوریات بلند ہے
No comments:
Post a Comment