- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਰਾਹ ਰੁਲਦਾ ਕੋਈ ਪੱਥਰ ਚੱਕ ਕੇ
ਰੱਬ ਆਖ ਲੁੱਟ ਮਚਾਵੇਂ
ਪਰ ਪੱਥਰ ਜੇ ਪੱਥਰ ਆਖਾਂ
ਕਿਉਂ ਤੇਰੀ ਹੋਂਦ ਹਿੱਲ ਜਾਵੇ
ਇੱਕ ਸਿਰ ਰਗੜੇਂ ਇੱਕ ਪੈਰ ਲਿਤਾੜੇਂ
ਕਿਉਂ ਰਲਵੀਂ ਬਾਬ ਬਣਾਈ
ਸਿਰ ਹੇਠਾਂ ਚੱਕ ਪੈਰ ਤੁਰ ਪਏਂ
ਨਾ ਹੋਵੇ ਇੰਝ ਰੁਸਵਾਈ
ਜਿਤ ਇਹ ਘੜ੍ਹਿਆ ਜੇ ਉਹ ਸ਼ੂਦਰ
ਰੋੜਾ ਕਿਤ ਰੱਬ ਹੋਇਆ
ਜਿਉਂਦੇ ਲਈ ਨਾ ਜੁੜਦਾ ਪਾਣੀ
ਇਹਨੂੰ ਦੁੱਧ ਨਾਲ ਧੋਇਆ
ਰੋਜ਼ ਨਵੇਂ ਜਿਹੇ ਗੀਟੇ ਪੱਥਰ
ਜੜ ਲਾਕਟ ਮੁੰਦੀਆਂ ਵੇਚੇਂ
ਹਰ ਮਾਪ ਦਾ ਪਖੰਡ ਤੂੰ ਵੱਖਰਾ
ਲੈ ਲੈ ਘੜ੍ਹੇ ਨਿੱਤ ਮੇਚੇ
ਤੂੰ ਭਰਮਾਂ ਦੀਆਂ ਖੋਲ੍ਹ ਦੁਕਾਨਾਂ
ਜਗਤ ਨੂੰ ਠੱਗਦਾ ਜਾਵੇਂ
ਸੱਚ ਨੂੰ ਜੇਕਰ ਸੱਚ ਕੋਈ ਆਖੇ
ਡੰਗਣ ਦੀ ਕਲਾ ਵਰਤਾਵੇਂ
ਪਖੰਡ ਬਣਾ ਕੇ ਕੂੜ੍ਹ ਦਾ ਹਾਣੀ
ਤਰਕ ਦਾ ਗਲਾ ਦਬਾਵੇਂ
ਭਾਂਡਾ ਤੇਰਾ ਚੁਰਾਹੇ ਜਿ ਭੱਜੇ
ਸ਼ਰਧਾ ਦਾ ਰੌਲਾ ਪਾਵੇਂ
ਤੇਰੀ ਸੋਚ ਹੈ ਰੇਤ ਦੀ ਢੇਰੀ
ਅੱਜ ਵਹਿਣਾ ਕੱਲ ਵਹਿਣਾ
ਗਿਆਨ ਹਨੇਰੀ ਐਸੀ ਚੱਲਣੀ
ਓਏ ਤੇਰਾ ਕੱਖ ਨਾ ਰਹਿਣਾ
~0~0~0~0~
- پروفیسر کولدیپ سنگھ کنول
راہ رلدا کوئی پتھر چکّ کے
ربّ آکھ لٹّ مچاویں
پر پتھر جے پتھر آکھاں
کیوں تیری ہوند ہلّ جاوے
اک سر رگڑیں اک پیر لتاڑیں
کیوں رلویں باب بنائی
سر ہیٹھاں چکّ پیر تر پئیں
نہ ہووے انجھ رسوائی
جت ایہہ گھڑھیا جے اوہ شودر
روڑا کت ربّ ہویا
جؤندے لئی نہ جڑدا پانی
ایہنوں دودھ نال دھویا
روز نویں جہے گیٹے پتھر
جڑ لاکٹ مندیاں ویچیں
ہر ماپ دا پکھنڈ توں وکھرا
لے لے گھڑھے نت میچے
توں بھرماں دیاں کھولھ دوکاناں
جگت نوں ٹھگدا جاویں
سچ نوں جیکر سچ کوئی آکھے
ڈنگن دی کلا ورتاویں
پکھنڈ بنا کے کوڑھ دا ہانی
ترک دا گلا دباویں
بھانڈا تیرا چراہے جِ بھجے
شردھا دا رولا پاویں
تیری سوچ ہے ریت دی ڈھیری
اج وہنا کلّ وہنا
گیان ہنیری ایسی چلنی
اوئے تیرا ککھّ نہ رہنا
No comments:
Post a Comment