- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਅਸੀਂ ਜੂਝਦੇ ਸੀ,
ਜੂਝਦੇ ਹਾਂ,
ਤੇ ਰਹਾਂਗੇ ਜੂਝਦੇ ਸਦਾ;
ਤੇ ਜੂਝੇਗੀ
ਸਾਡੀ ਹਰ ਸੋਚ,
ਸਾਡੇ ਅਹਿਸਾਸ,
ਹਰੇਕ ਕਤਰਾ
ਸਾਡੇ ਲਹੂ ਦਾ,
ਕਿ ਤਦ ਤੱਕ
ਜਦੋਂ ਤੀਕ ਸਾਡੇ ਵਿੱਚ
ਰਵ੍ਹੇਗਾ ਬਾਕੀ,
ਇੱਕ ਵੀ ਸਾਹ;
ਕਿ ਝਲਕੇਗੀ
ਜਦੋਂ ਤੀਕ ਸਾਡੇ ਵਿੱਚ
ਸਿਧਾਂਤਾਂ ‘ਤੇ
ਹਰ ਹੀਲੇ
ਕਾਇਮ ਰਹਿਣ ਦੀ
ਸਦ-ਅਤ੍ਰਿਪਤ ਚਾਹ,
ਤੇ ਜਦੋਂ ਤਕ ਜਾਵੇਗੀ
ਓੜਕ ਸੱਚ ਵੱਲ ਹੀ
ਸਾਡੀ ਹਰੇਕ ਰਾਹ;
ਨਾ ਕੇਵਲ ਸਾਹ ਬਲਕਿ
ਜੂਝੇਗੀ ਇਹ ਹਸਤੀ,
ਸਾਹ-ਵਿਹੀਣ ਵੀ ਸਾਡੀ,
ਸਤਿ-ਵਿਚਾਰਾਂ ਦੀ ਖੜਗ
ਤੇ ਹੌਸਲੇ ਦੀ
ਢਾਲ ਨੂੰ ਲੈ ਕੇ,
ਤੇ ਰਹੇਗੀ ਜੂਝਦੀ
ਕਿ ਜਦ ਤਕ ਹੈ ਮਨਸ਼ਾ,
ਸਾਡੇ ਕਿਣਕੇ ਵਿੱਚ ਹਰੇਕ,
ਖਿੰਡ-ਖਿੰਡ ਕੇ
ਮੁਕਦੇ ਹੋਇਆਂ ਵੀ,
ਰੱਖ ਸਿਦਕ
ਤੇ ਸਿਰੜ ਨੂੰ ਕਾਇਮ,
ਸਿਰ ਉੱਚਾ ਰੱਖਣ ਦੀ,
ਨਾ ਸੁੱਟਾਂਗੇ ਸਿਰਾਂ ਨੂੰ,
ਦੱਬ ਕੇ ਜਦ ਤੱਕ
ਚੰਦ ਗਰਜ਼ਾਂ ਦੀ
ਗਾਂਠੜੀ ਦੇ ਭਾਰ ਦੇ ਥੱਲੇ;
ਨਾ ਮੁੱਕੇਗੀ ਕਦੇ ਵੀ,
ਹੋਂਦ ਇਹ ਸਾਡੀ,
ਲੱਖ ਤੇਜ਼ ਧਾਰ ਹੋਵਣ
ਸ਼ਮਸ਼ੀਰਾਂ ਇਹ
ਦੁਸ਼ਮਣ ਦੀਆਂ ਬੇਸ਼ਕ,
ਬਲਕਿ ਨਿਵਾਵਣਗੀਆਂ
ਸਿਰ ਉਹ ਹਰ ਹੀਲੇ
ਅੱਗੇ ਹੀ ਸਾਡੇ
ਜਦੋਂ ਤੱਕ ਆਉਂਦੀ ਹੈ
ਜਾਚ ਸਾਨੂੰ
ਆਪਣੀ ਹੀ ਰਾਖ ਵਿੱਚੋਂ
ਕੁਕਨੁਸ ਵਾਗੂੰ
ਮੁੜ੍ਹ ਜ਼ਿੰਦਾ ਉੱਠਣ ਦੀ;
ਕਿ ਨਾ ਮੁਕਾਂਗੇ ਤਦ ਤਕ
ਤੇ ਨਾ ਹੀ ਕੋਈ ਜਾਬਰ
ਪੂਰਾ ਕਰ ਸਕੇਗਾ ਕਦੇ
ਸਾਨੂੰ ਫਨ੍ਹਾ ਕਰਨ ਦੀ
ਆਪਣੀ ਕਦੇ ਪਿਆਸ,
ਕਿ ਜਦ ਤਕ ਰਹੇਗਾ ਯਾਦ
ਸਾਡੇ ਖੌਲਦੇ ਲਹੂ ਨੂੰ
ਵੈਰੀ ਆਰੀਆਂ ਦੇ
ਦੰਦਿਆਂ ਦੀ ਪਿਆਸ ਤੋਂ
ਦੁੱਗਣਾ ਉਬਲਦਾ ਰਹਿਣਾ;
ਕਿ ਜਦ ਤਕ ਰਹਾਂਗੇ ਕਰਦੇ
ਸਾਬਿਤ ਅਸੀਂ ਨਿਰੰਤਰ
ਕਿ ਹੈ ਗਲਤ ਇਹ
ਕਿ ਲਿਖਦੇ ਨੇ
ਇਹ ਇਤਿਹਾਸ
ਕੇਵਲ ਉਹ ਹੀ
ਹੁੰਦੀ ਏ ਫ਼ਤਹਿ
ਨਸੀਬ ਵਿੱਚ ਜਿਹਨਾਂ,
ਤੇ ਝੂਠ ਇਸਨੂੰ
ਕਿ ਹਾਰਿਆਂ ਦਾ
ਕੋਈ ਇਤਿਹਾਸ ਨਹੀਂ ਹੁੰਦਾ,
ਕਿਉਂ ਕਰ ਉਹ ਸਿਆਹੀ
ਲਿਖਦੀ ਜੋ ਇਤਿਹਾਸ ਨੂੰ
ਨਾ ਬਣਦੀ ਏ
ਜਿੱਤ ਦੇ ਕਿਸੇ
ਆਤਿਸ਼ੀ ਨਗਾਰਿਆਂ ਦੀ
ਨਾਲ ਗੂੰਜ ਦੇ ਕਦੇ,
ਬਲਕਿ ਉਸਨੂੰ ਤਾਂ
ਗਿੱਲਾ ਰੱਖਦਾ ਹੈ ਸਦਾ
ਹੌਸਲਿਆਂ ਦਾ ਬੁਲੰਦ ਹੋਣਾ
ਤੇ ਜਨੂੰਨ
ਸਿਰ ਤਲੀ ਧਰ ਕੇ ਵੀ
ਲੜ੍ਹਦੇ ਰਹਿਣ ਦਾ ਸਦਾ,
ਹਾਰਾਂ ਨੂੰ ਜਾਣਦੇ ਹੋਇਆਂ;
ਸੋ ਨਾ ਮੁਕਾਂਗੇ ਕਦੇ ਅਸੀਂ,
ਨਾ ਹੀ ਖੜ੍ਹੋਵਾਂਗੇ
ਰਾਹਾਂ ਵਿੱਚ ਹੀ ਕਦੇ
ਕਿਸੇ ਵਕਤੀ ਹਾਰ ਦੇ
ਤਾਬ ਤੋਂ ਦੱਬ ਕੇ,
ਜਾਣਾਂਗੇ ਬਲਕਿ
ਪਹਿਲਾ ਕਦਮ
ਇਹਨਾਂ ਹਰ ਹਾਰਾਂ ਨੂੰ
ਭਵਿੱਖ ਦੀਆਂ
ਵੱਡੀਆਂ ਜਿੱਤਾਂ ਦਾ,
ਕਿਉਂਕਿ ਅਸੀਂ ਤਾਂ
ਬਸ ਜੂਝਦੇ ਸੀ,
ਜੂਝਦੇ ਹਾਂ,
ਤੇ ਰਹਾਂਗੇ ਜੂਝਦੇ ਸਦਾ ...
~~~~~~~~~~~~~~~~~~~~~~~
- پروفیسر کولدیپ سنگھ کنول
اسیں جوجھدے سی،
جوجھدے ہاں،
تے رہانگے جوجھدے سدا؛
تے جوجھیگی
ساڈی ہر سوچ،
ساڈے احساس،
ہریک قطرہ
ساڈے لہو دا،
کہ تد تکّ
جدوں تیک ساڈے وچّ
روھیگا باقی،
اک وی ساہ؛
کہ جھلکیگی
جدوں تیک ساڈے وچّ
سدھانتاں ‘تے
ہر حیلے
قایم رہن دی
صد-اترپت چاہ،
تے جدوں تک جاوے گی
اوڑک سچ ول ہی
ساڈی ہریک راہ؛
نہ کیول ساہ بلکہ
جوجھیگی ایہہ ہستی،
ساہ-وہین وی ساڈی،
ست-وچاراں دی کھڑگ
تے حوصلے دی
ڈھال نوں لے کے،
تے رہیگی جوجھدی
کہ جد تک ہے منشا،
ساڈے کنکے وچّ ہریک،
کھنڈ-کھنڈ کے
مکدے ہویاں وی،
رکھ صدق
تے سرڑ نوں قایم،
سر اچا رکھن دی،
نہ سٹانگے سراں نوں،
دب کے جد تکّ
چند غرضاں دی
گانٹھڑی دے بھار دے تھلے؛
نہ مکیگی کدے وی،
ہوند ایہہ ساڈی،
لکھ تیز دھار ہوون
شمشیراں ایہہ
دشمن دیاں بے شک،
بلکہ نواونگیاں
سر اوہ ہر حیلے
اگے ہی ساڈے
جدوں تکّ آؤندی ہے
جاچ سانوں
اپنی ہی راکھ وچوں
ققنس واگوں
مڑھ زندہ اٹھن دی؛
کہ نہ مکانگے تد تک
تے نہ ہی کوئی جابر
پورا کر سکیگا کدے
سانوں پھنھا کرن دی
اپنی کدے پیاس،
کہ جد تک رہے گا یاد
ساڈے کھولدے لہو نوں
ویری عاریاں دے
دندیاں دی پیاس توں
دگنا ابلدا رہنا؛
کہ جد تک رہانگے کردے
ثابت اسیں نرنتر
کہ ہے غلط ایہہ
کہ لکھدے نے
ایہہ اتہاس
کیول اوہ ہی
ہندی اے فتح
نصیب وچّ جہناں،
تے جھوٹھ اسنوں
کہ ہاریاں دا
کوئی اتہاس نہیں ہندا،
کیوں کر اوہ سیاہی
لکھدی جو اتہاس نوں
نہ بندی اے
جت دے کسے
آتشی نگاریاں دی
نال گونج دے کدے،
بلکہ اسنوں تاں
گلہ رکھدا ہے سدا
ہوسلیاں دا بلند ہونا
تے جنونّ
سر تلی دھر کے وی
لڑھدے رہن دا سدا،
ہاراں نوں جاندے ہویاں؛
سو نہ مکانگے کدے اسیں،
نہ ہی کھڑھووانگے
راہاں وچّ ہی کدے
کسے وقتی ہار دے
تاب توں دب کے،
جانانگے بلکہ
پہلا قدم
ایہناں ہر ہاراں نوں
بھوکھ دیاں
وڈیاں جتاں دا،
کیونکہ اسیں تاں
بس جوجھدے سی،
جوجھدے ہاں،
تے رہانگے جوجھدے سدا ...
No comments:
Post a Comment