- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਮੇਰੇ ਪ੍ਰੀਤਮ,
ਮੈਂ ਤੇਰੀ ਹਰ ਪੀੜ ਦਾ
ਤੇਰੇ ਹਰ ਦਰਦ ਦਾ
ਮਰਹਮ ਬਣਨਾ ਲੋਚਦਾ ਹਾਂ,
ਜੋ ਜਜ਼ਬ ਹੋ ਕੇ
ਤੇਰੇ ਹਰ ਜ਼ਖਮ ਵਿੱਚ
ਤੇਰੇ ਹਰ ਗਮ
ਹਰ ਦੁੱਖ ਨੂੰ
ਮੇਟ ਲੈ ਜਾਵੇ
ਆਪਣੇ ਵਜੂਦ ਦੇ
ਤੇਰੇ ਵਿੱਚ ਹੀ
ਗਵਾਉਣ ਦੇ ਨਾਲ ਹੀ ...
ਬੇਸ਼ਕ ਮੈਂ ਜਾਣਦਾ ਹਾਂ
ਮੈਂ ਹਨੇਰੀ ਰਾਤਾਂ ਵਿੱਚ
ਤੇਰੇ ਵਾਸਤੇ
ਚੰਨ ਨਹੀਂ ਬਣ ਸਕਦਾ
ਤੇ ਨਾ ਹੀ ਕਦੇ
ਰੁਸ਼ਨਾ ਸਕਦਾ
ਉਹਨਾਂ ਅਸੀਮ ਸਫਰਾਂ
ਅਤੇ ਵਿਸ਼ਾਲ ਮੰਜਿਲਾਂ ਵਲ
ਕਦਮ-ਦਰ-ਕਦਮ ਵੱਧਦੀਆਂ
ਤੇਰੀਆਂ ਰਾਹਵਾਂ ਨੂੰ;
ਕਿਉਂਕਿ ਓਸ ਵਾਸਤੇ
ਮੈਨੂੰ ਬਹੁਤ ਦੂਰ
ਤੈਥੋਂ ਬਹੁਤ ਦੂਰ ਜਾਣਾ ਪਵੇਗਾ;
ਪਰ ਮੇਰੀ ਤਾਂ ਇੱਕੋ-ਇੱਕ ਤਾਂਘ
ਪਲ-ਪਲ ਹਰ ਪਲ
ਤੇਰਾ ਸਾਥ ਨਿਭਾਵਣ ਦੀ ਹੈ;
ਸੋ ਲੋਚਾ ਰੱਖਦਾ ਹਾਂ
ਸਿਰਫ਼ ਤੇ ਸਿਰਫ਼
ਤੇਰੀਆਂ ਰਾਤਾਂ ਵਾਸਤੇ
ਇੱਕ ਦੀਵਾ ਬਣ
ਖੁੱਦ ਬਲ਼ ਕੇ
ਆਪਣੇ ਬਣਦੇ-ਸਰਦੇ ਵਜੂਦ ਨਾਲ
ਤੇਰੀ ਜ਼ਿੰਦਗੀ ਨੂੰ
ਹਰ ਨਿੱਕੇ ਤੇ
ਸੂਖਮ ਕੋਮਲ ਜਿਹੇ
ਅਹਿਸਾਸਾਂ ਨਾਲ ਰੁਸ਼ਨਾਉਣ ਦੀ ...
ਬੇਸ਼ਕ ਮੇਰੀ ਬੁੱਕਲ
ਇੰਨੀ ਵਿਸ਼ਾਲ ਨਹੀਂ
ਕਿ ਸਿਰਜ ਸਕਾਂ ਏਸ ਵਿੱਚ
ਤੇਰੇ ਵਾਸਤੇ
ਇੱਕ ਸੁਖਾਵੇਂ ਤੇ
ਸੁਹਜ ਰਸਮਈ
ਸੁਪਨ ਸੰਸਾਰ ਨੂੰ;
ਪਰ ਆਸ ਹੈ ਕਿ
ਹੋ ਸਕੇਗੀ ਇਹ ਜ਼ਰੂਰ
ਇੰਨਾ ਕੁ ਸਮਰਥ ਕਿ
ਦਿਨ ਭਰ
ਆਪਣੇ ਸੁਫਨਿਆਂ ਨੂੰ ਸਿਰਜਦਾ
ਜੂਝਦਾ ਹੋਇਆ ਤੂੰ
ਸੰਝ ਵੇਲੇ ਆ
ਏਸ ਵਿੱਚ ਸਿਰ ਰੱਖ
ਆਪਣੀ ਕੰਡਿਆਲੀ ਥਕਾਨ ਲਾਹ
ਸਕੂਨ ਦੀ ਨੀਂਦੇ ਸੋ ਸਕੇਂਗਾ;
ਤੇ ਹੋ ਸਕੇਂਗਾ
ਜ਼ਿੰਦਗੀ ਦੀ ਹਰ ਅਗਲੀ
ਸੰਘਰਸ਼ਮਈ ਸਵੇਰ ਲਈ
ਇੱਕ ਨਵਾਂ ਨਰੋਆ
ਇੱਕਦਮ ਤਰੋ-ਤਾਜ਼ਾ ...
ਆ ਮੇਰੇ ਪ੍ਰੀਤਮ,
ਆ ਤੈਨੂੰ ਇੰਨਾ ਪਿਆਰ ਦੇਵਾਂ
ਜਿੰਨਾ ਸ਼ਾਇਦ
ਕਿਸੇ ਨੇ ਵੀ
ਕਿਸੇ ਨੂੰ ਦੇਣ ਬਾਰੇ
ਸੋਚਿਆ ਵੀ ਨਾ ਹੋਵੇ ...
~~~~~~~~~~~~~~~~~~~~~~~~~~~~~~~~~~~~~~~
- پروفیسر کولدیپ سنگھ کنول
میرے پریتم،
میں تیری ہر پیڑ دا
تیرے ہر درد دا
مرہم بننا لوچدا ہاں،
جو جذب ہو کے
تیرے ہر زخم وچّ
تیرے ہر غم
ہر دکھ نوں
میٹ لے جاوے
اپنے وجود دے
تیرے وچّ ہی
گواؤن دے نال ہی ...
بے شک میں جاندا ہاں
میں ہنیری راتاں وچّ
تیرے واسطے
چن نہیں بن سکدا
تے نہ ہی کدے
رشنا سکدا
اوہناں اسیم سفراں
اتے وشال منجلاں ول
قدم-در-قدم ودھدیاں
تیریاں راہواں نوں؛
کیونکہ اوس واسطے
مینوں بہت دور
تیتھوں بہت دور جانا پویگا؛
پر میری تاں اکو-اک تانگھ
پل-پل ہر پل
تیرا ساتھ نبھاون دی ہے؛
سو لوچا رکھدا ہاں
صرف تے صرف
تیریاں راتاں واسطے
اک دیوا بن
کھدّ بل کے
اپنے بندے-سردے وجود نال
تیری زندگی نوں
ہر نکے تے
سوخم کومل جہے
احساساں نال رشناؤن دی ...
بے شک میری بکل
انی وشال نہیں
کہ سرج سکاں ایس وچّ
تیرے واسطے
اک سکھاویں تے
سہج رسمئی
سپن سنسار نوں؛
پر آس ہے کہ
ہو سکیگی ایہہ ضرور
انا کو سمرتھ کہ
دن بھر
اپنے سفنیاں نوں سرجدا
جوجھدا ہویا توں
سنجھ ویلے آ
ایس وچّ سر رکھ
اپنی کنڈیالی تھکان لاہ
سکون دی نیندے سو سکینگا؛
تے ہو سکینگا
زندگی دی ہر اگلی
سنگھرشمئی سویر لئی
اک نواں نروآ
اکدم ترو-تازہ ...
آ میرے پریتم،
آ تینوں انا پیار دیواں
جنا شاید
کسے نے وی
کسے نوں دین بارے
سوچیا وی نہ ہووے ...
No comments:
Post a Comment