-ਕਵਲਦੀਪ ਸਿੰਘ ਕੰਵਲ
ਅੱਜ ਇੱਕ ਸ਼ੋਸ਼ਲ-ਨੈਟਵਰਕ ਵਿੱਚ ਹੋਈ ਚਰਚਾ ਵਿੱਚ ਕਿਸੇ ਨੇ ਭ੍ਰਿਸ਼ਟਾਚਾਰ ਦਾ ਹੱਲ ਕੁਝ ਕੁ ਭ੍ਰਿਸ਼ਟਾਚਾਰੀ ਨੇਤਾਵਾਂ ਨੂੰ ਮਾਰਨਾ ਸੁਝਾਇਆ, ਜੋ ਮੇਰੀ ਜਾਚੇ ਨਿਰਾ ਖੋਖਲਾ ਜਜ਼ਬਾ ਹੈ, ਕੋਈ ਸੋਚ-ਸਮਝ ਕੇ ਚੱਲਣ ਵਾਸਤੇ ਚੁਣੀ ਹੋਈ ਸੇਧਦਾਇਕ ਸੋਚ ਨਹੀਂ !
ਭ੍ਰਿਸ਼ਟਾਚਾਰ ਸਾਡੇ ਸਭ ਦੇ ਖੂਨ ਵਿੱਚ ਹੈ, ਇਹ ਕਿਸੇ ਨੂੰ ਮਾਰਨ ਨਾਲ ਨਹੀਂ ਮੁੱਕੇਗਾ ! ਵੈਸੇ ਵੀ ਕਿਸ-ਕਿਸ ਨੂੰ ਮਾਰੋਗੇ? ਜਜ਼ਬਿਆਂ ਨਾਲ ਨਹੀਂ ਸੋਚ ਨਾਲ ਮੁੱਦੇ ਹੱਲ ਹੁੰਦੇ ਹਨ| ਜਜ਼ਬਿਆਂ 'ਚ ਵਹਿ ਕੇ ਹੀ ਪੰਜਾਬ ਨੇ ਬੜੀ ਜਵਾਨੀ ਗਵਾਈ ਹੈ | ਕਦੇ ਨਕਸਲੀ ਜਜ਼ਬੇ ਤੇ ਕਦੇ ਚੱਲੀਆਂ ਖਾਲਿਸਤਾਨੀ ਲਹਿਰਾਂ 'ਚ ਕੋਈ ਲੀਡਰ ਨਹੀਂ ਮਰਿਆ; ਤੇ ਨਾ ਹੀ ਇਹਨਾਂ ਦੇ ਪਰਿਵਾਰ ਦਾ ਕੋਈ ਨੌਜਵਾਨ ਭੇਟਾ ਚੜ੍ਹਿਆ | ਬਲਕਿ ਇਹਨਾਂ ਦਾ ਪਰਿਵਾਰ ਤਾਂ ਵਿਦੇਸ਼ਾਂ ਵਿੱਚ ਰਹਿ ਕੇ ਭਵਿੱਖ ਵਿੱਚ ਮਿਲਣ ਵਾਲੀ ਵਿਰਾਸਤੀ ਕੁਰਸੀ ਨੂੰ ਸਾਂਭਣ ਦੀ ਤਿਆਰੀ ਕਰਦਾ ਪਿਆ ਸੀ | ਜਿੰਨੇ ਵੀ ਇਹਨਾਂ ਜਜ਼ਬਾਤੀ ਵੇਲਿਆਂ 'ਚ ਮਾਰੇ ਗਏ ਸਭ ਕੰਮੀ ਗਰੀਬਾਂ ਦੇ ਘਰਾਂ ਦੇ ਨੌਜਵਾਨ ਹੀ ਸਨ | ਲੀਡਰ, ਜਾਂ ਤਾਂ ਮੰਤਰੀ ਬਣੇ ਜਾਂ ਫ਼ੇਰ ਕਿੰਗ-ਮੇਕਰ, ਮਾਰਿਆ ਕੋਈ ਵੀ ਨਹੀਂ ਗਿਆ ਕਦੇ ਇਹਨਾਂ 'ਚੋਂ, ਕਿਸੇ ਵੀ ਲਹਿਰ 'ਚ ਇੱਕਾ-ਦੁੱਕਾ ਨੂੰ ਛੱਡ ਕੇ !
ਫਿਰ ਸਵਾਲ ਉੱਠਦਾ ਹੈ ਕਿ ਇਹ ਮਸਲੇ ਕਿੱਦਾਂ ਹੱਲ ਹੋਣਗੇ? ਕਦੇ ਹੋਣਗੇ ਵੀ ਜਾਂ ਨਹੀਂ? ਇੱਦਾਂ ਹੀ ਚਲਦਾ ਰਹੇਗਾ ਕੀ ਸਭ ਕੁਝ?
ਕਦੋਂ ਹੋਣਗੇ, ਇਸ ਬਾਰੇ ਤਾਂ ਵੱਡੇ ਤੋਂ ਵੱਡਾ ਭਵਿੱਖਦਰਸ਼ੀ ਵੀ ਫ਼ੇਲ ਹੈ ! ਕਿਉਂਕਿ ਜਿਹੜੇ ਮਸਲੇ ਰੱਗ-੨ 'ਚ ਵਹਿੰਦੇ ਖ਼ੂਨ ਦੀ ਖ਼ਰਾਬੀ ਨਾਲ ਤਾਅਲੁੱਕ ਰੱਖਦੇ ਹੋਣ ਉਹ ਇੱਕ ਦਿਨ 'ਚ ਤਾਂ ਹੱਲ ਨਹੀਂ ਹੋ ਸਕਦੇ | ਜਜ਼ਬਾਤ ਨੂੰ ਲਾਂਭੇ ਰੱਖ ਕੇ, ਸਹੀ ਤੇ ਉਸਾਰੂ ਸੋਚ ਨਾਲ ਹੀ ਅੱਗੇ ਵਧਣਾ ਪੈਂਦਾ ਹੈ | ਸਾਡੀ-ਤੁਹਾਡੀ ਜ਼ਿੰਦਗੀ 'ਚ ਹੱਲ ਭਾਵੇਂ ਨਾ ਵੀ ਹੋ ਸਕਣ; ਪਰ ਆਓ, ਬਿਨਾ ਹੌਸਲਾ ਛੱਡਿਆਂ ਅਗਲੀ ਪੀੜ੍ਹੀ ਨੂੰ ਇੱਕ ਸਹੀ ਕੱਲ ਦੇ ਕੇ ਜਾਣ ਦੀ ਇੱਕ ਕੋਸ਼ਿਸ਼ ਕਰੀਏ !
ਸੂਰਜ ਜਿੰਨਾ ਨਾ ਹੋ ਸਕੇ ਤਾਂ ਨਾ ਸਹੀ ਪਰ ਇੱਕ ਜੁਗਨੂੰ ਜਿੰਨਾ ਤਾਂ ਚਾਨਣ ਕਰਨ ਦੀ ਕੋਸ਼ਿਸ਼ ਕਰ ਹੀ ਸਕਦੇ ਹਾਂ; ਤਾਂ ਕਿ ਕਿਸੇ ਲੰਘਦੇ-ਵੜ੍ਹਦੇ ਨੂੰ ਘੁੱਪ ਹਨੇਰੇ 'ਚ ਕੰਮ-ਸੇ-ਕੰਮ ਆਪਣੇ ਹੀ ਅੰਨ੍ਹੇ ਹੋਣ ਦਾ ਭੁਲੇਖਾ ਨਾ ਪੈ ਜਾਵੇ !
No comments:
Post a Comment