ਕਹਾਣੀਆਂ ਨੂੰ ਰਚਣਾ ਤਾਂ ਮਨੁੱਖ ਨੇ ਸ਼ਾਇਦ ਬੋਲਣਾ ਸਿੱਖਣ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਸੀ | ਹਰ ਕਹਾਣੀ ਕਿਸੇ ਮਨੋਰਥ ਜਾਂ ਉਦੇਸ਼ ਨੂੰ ਲੈ ਕੇ, ਕੁਝ ਬਿੰਬਾਂ ਦੇ ਰਚਨ ਤੋਂ ਸ਼ੁਰੂ ਹੋ ਕੇ, ਫੇਰ ਉਹਨਾਂ ਹੀ ਬਿੰਬਾਂ ਜਾਂ ਪ੍ਰਤੀਕਾਂ ਦੇ ਦੁਆਲੇ, ਖਿਆਲਾਂ ਦੇ ਵਹਾਅ ਨੂੰ ਖੁੱਲੀ ਉਡਾਰੀ ਲਾਣ ਦੇਣ ਨਾਲ ਉਸਰੇ ਇੱਕ ਵੱਖਰੇ ਹੀ ਸੰਸਾਰ ਦਾ ਚਿਤਰਣ ਕਰਦੀ ਹੈ, ਜਿਸ ਵਿੱਚੋਂ ਇਸਦੇ ਲੇਖਕ ਦੀਆਂ ਭਾਵਨਾਵਾਂ ਤੇ ਉਦੇਸ਼ ਹੀ ਝਲਕਾਰੇ ਮਾਰਦੇ ਹਨ|
ਭਾਵੇਂ ਕਿ ਬਿੰਬ ਕਿਸੇ ਕਹਾਣੀ ਦੀ ਜਿੰਦ ਜਾਨ ਹਨ, ਪਰ ਸੱਚ ਤਾਂ ਸਿਰਫ਼ ਤੇ ਸਿਰਫ਼ ਉਦੇਸ਼ ਹੈ (ਜੇਕਰ ਕੋਈ ਹੈ!).. ਪ੍ਰਤੀਕ ਸੱਚ ਨਹੀਂ! ਕਦੇ ਵੀ ਨਹੀਂ!! ਇਹ ਤਾਂ ਕੇਵਲ ਮਨੌਤ ਨੇ!
ਉਦੇਸ਼ ਵੀ ਜੇਕਰ ਮਨੁੱਖੀ ਕਦਰਾਂ ਦੀ ਰਹਨੁਮਾਈ ਕਰੇ ਤਾਂ ਹੀ ਉਹ ਉਦੇਸ਼ ਹੈ.. ਨਹੀਂ ਤਾਂ ਉਦੇਸ਼ ਵੀ ਮਨੌਤ ਹੀ ਹੋ ਨਿੱਬੜਦਾ ਹੈ!
ਹੁਣ ਇਹ ਪਾਠਕਾਂ ਤੇ ਵੀ ਨਿਰਭਰ ਹੈ, ਤੇ ਕਹਾਣੀਕਾਰ ਦੀ ਲਿਖਣ-ਸ਼ਕਤੀ ਤੇ ਵੀ ਕਿ ਉਹ ਆਪਣੇ ਪਾਠਕਾਂ ਨੂੰ ਕਿਸ ਨਾਲ ਜੋੜ ਸਕਦਾ ਹੈ ਜਾਂ ਅੰਤ ਵਿੱਚ ਪਾਠਕ ਧਾਰਨ ਕੀ ਕਰਦੇ ਹਨ... ਉਦੇਸ਼ ਜਾਂ ਫੇਰ ਇੱਕ ਤੱਥਹੀਣ ਮਨੌਤ!
ਪਰ ਜੇ ਉਦੇਸ਼ ਹੀ ਮਨੌਤਾਂ ਨੂੰ ਪੂਜ ਕਰਵਾਣ ਦਾ ਹੋਵੇ, ਫੇਰ? ਸਾਰਾ ਮਿੱਥਿਹਾਸ ਹੀ ਅਜਿਹੇ ਮਨੌਤਾਤਮਿਕ ਉਦੇਸ਼ਾਂ ਨਾਲ ਭਰਿਆ ਪਿਆ ਹੈ, ਜਿੱਥੇ ਕਦਰਾਂ ਨੂੰ ਭੁੱਲ ਕੇ ਪ੍ਰਤੀਕਾਂ ਦਾ ਪੂਜ ਸ਼ੁਰੂ ਕਰ ਕੇ, ਇਹਨਾਂ ਨੂੰ ਅਸਲ ਵਿੱਚ ਲੋਕਾਂ ਦੇ ਵੱਗ ਨੂੰ ਹੱਕਣ ਦਾ ਇੱਕ ਸਾਧਨ ਬਣਾ ਲਿਆ ਗਿਆ ਹੈ...
-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
Bahut vadhyā likhyā hai profaisar sāheb. Means jo han, oh Aim to zeādā zarūrī ho gae lagde han.
ReplyDelete