-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਰਸਤਿਆਂ ਦਾ ਮੋਹ ਹੀ ਮੰਜ਼ਿਲ ਦੀ ਪ੍ਰਾਪਤੀ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਹੈ, ਮੰਜ਼ਿਲ ਸਾਹਮਣੇ ਹੋਣ ਤੇ ਵੀ ਰਾਹੀਆਂ ਨੂੰ ਰਾਹ ਦੀ ਖਿੱਚ ਮੰਜ਼ਿਲ 'ਤੇ ਢੁਕਣ ਨਹੀਂ ਦਿੰਦੀ | ਮ੍ਰਿਗ ਤ੍ਰਿਸ਼ਨਾ ਤਾਂ ਮੰਜ਼ਿਲ ਦੇ ਹੋਣ ਦਾ ਭੁਲੇਖਾ ਪਾਉਂਦੀ ਹੈ ਪਰ ਇਹ ਬੜੀ ਅਜੀਬ ਤ੍ਰਿਸ਼ਨਾ ਹੈ, ਮੰਜ਼ਿਲ ਨੂੰ ਦੂਰ, ਹੋਰ ਦੂਰ ਕਰਦੀ ਜਾਂਦੀ ਹੈ !
ਮੰਜ਼ਿਲ ਕੀ ਹੈ? ਇਹ ਸਵਾਲ ਜਿੰਨਾ ਸੌਖਾ ਹੈ, ਉਸਦਾ ਜਵਾਬ ਉੰਨਾ ਸੌਖਾ ਨਹੀਂ ! ਵੈਸੇ ਇਹ ਪ੍ਰਸ਼ਨ ਨਿਜੀ ਵੀ ਹੋ ਗੁਜ਼ਰਦਾ ਹੈ ਤੇ ਸਮੂਹਿਕ ਵੀ..
ਇਸਦਾ ਜਵਾਬ ਵੀ ਕੋਈ ਸਰਬ ਪ੍ਰਵਾਨਿਤ ਵਿਗਿਆਨਿਕ ਨਿਯਮ ਵਾਂਗ ਸਭ ਲਈ ਸਾਂਝਾ ਨਹੀਂ, ਜੋ ਹਰ ਇੱਕ ਥਾਂ, ਹਰ ਇੱਕ ਲਈ, ਹਰ ਸਮੇਂ ਇੱਕੋ ਜਿਹਾ ਤੇ ਹਮੇਸ਼ਾ ਹੀ ਲਾਗੂ ਹੁੰਦਾ ਹੈ |
ਇਸ ਪ੍ਰਸ਼ਨ ਨੂੰ ਜਿਹੜੇ ਵੀ ਕੋਣ ਤੋਂ ਦੇਖੀਏ ਇਹ ਇੱਕ ਉਲਝਿਆ ਤੇ ਹੋਰ ਉਲਝਿਆ ਤਾਣਾ ਹੈ, ਜਿਹਨੂੰ ਜਿੰਨਾ ਸੁਲਝਾਉਣ ਦੀ ਕੋਸ਼ਿਸ਼ ਕਰੋ ਉੰਨਾ ਹੀ ਹੋਰ ਵੱਧ ਗੁੰਝਲਦਾਰ ਪਾਉਂਦੇ ਹਾਂ |
ਮੰਜ਼ਿਲ ਇੱਕ ਵਿਸ਼ਵਾਸ, ਇੱਕ ਹੋਂਦ 'ਤੇ ਆਸਥਾ, ਇੱਕ ਪਰਮ ਵਿਸ਼ਾਲਤਾ ਦੇ ਝਲਕਾਰੇ ਨੂੰ ਨਿਜ ਘਰ ਵਿੱਚ ਮਾਨਣ, ਘਟਿ-ਘਟਿ ਵਿੱਚ ਜਾਨਣ, ਤੇ ਉਸੇ ਅਗੰਮ ਵਿੱਚ ਗੜੁਚ ਹੋ, ਅਦ੍ਵੈਤ ਰੰਗ ਵਿੱਚ ਰੰਗੇ ਜਾਣ ਦੇ ਅਹਿਸਾਸ ਵਿੱਚ ਅਹਿਸਾਸ-ਰਹਿਤ ਹੋ ਜਾਣਾ ਹੈ |
ਅਸਲ ਵਿੱਚ ਮੰਜ਼ਿਲ ਇੱਕ ਬੜਾ ਗੁੱਝਾ ਨਿਜੀ ਪ੍ਰਸ਼ਨ ਹੈ (ਸ਼ਾਇਦ ਸਭ ਤੋਂ ਗੁੱਝਾ !), ਜਿਸਦਾ ਹੱਲ ਆਪਣੀ ਹੀ ਪੂਰਨ ਨਿਜੀ ਆਸਥਾ/ਅਨਾਸਥਾ ਦੇ ਅਧਾਰ 'ਤੇ ਹਰ ਹੋਂਦ ਨੂੰ ਆਪ ਹੀ ਆਪਣਾ ਵੱਖਰਾ ਲੱਭਣਾ ਪੈਂਦਾ ਹੈ.....
No comments:
Post a Comment