-ਕਵਲਦੀਪ ਸਿੰਘ ਕੰਵਲ
ਅੱਜ ਹਰ ਵਿਚਾਰਧਾਰਾ ਜਾਂ ਕੌਮੀਅਤ ਵਲੋਂ ਦੂਸਰੀਆਂ ਵਿਚਾਰਧਾਰਾਵਾਂ ਜਾਂ ਕੌਮੀਅਤਾਂ ਦੇ ਸ਼ਹੀਦਾਂ ਦੀ ਪ੍ਰ੍ਵਾਨਿਕਤਾ ਤੇ ਦਾਇਰੇ ‘ਤੇ ਸਵਾਲ ਚੁੱਕੇ ਜਾਂਦੇ ਹਨ, ਜੋ ਵੱਡੀਆਂ ਵਿਵਾਦਪੂਰਨ ਸਤਿਥੀਆਂ ਨੂੰ ਜਨਮ ਦਿੰਦੇ ਹਨ ! ਇਸਦੀ ਜੜ੍ਹ ਪਕੜ੍ਹਣ ਲਈ ਅਸਲ ਵਿੱਚ ਸ਼ਹੀਦ ਦੇ ਨੁਕਤੇ ਨੂੰ ਹੀ ਦਿਆਨਤਦਾਰੀ ਨਾਲ ਸਮਝਣ ਦੀ ਲੋੜ੍ਹ ਹੈ ਕਿਉਂਕਿ ਨਾ ਤਾਂ ਅੱਜ ਤਕ ਕਦੇ ਸ਼ਹੀਦ ਕਦੇ ਸਰਬ ਸਾਂਝੇ ਹੋਏ ਹਨ ਤੇ ਨਾ ਹੀ ਸ਼ਾਇਦ ਹੋਣ !
- ਹਜ਼ਰਤ ਈਸਾ ਯਹੂਦੀਆਂ ਦੇ ਗੁਨਾਹਗਾਰ ਸਨ !
- ਹਜ਼ਰਤ ਹਸਨ-ਹੁਸੈਨ ਯਾਜਿਦ-ਪੰਥੀਆਂ ਲਈ ਸਭ ਤੋਂ ਵੱਡੇ ਦੋਖੀ ਸਨ !
- ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਤੁਜ਼ਕੇ-ਜਹਾਂਗੀਰੀ ਚਾਰ-ਪੰਜ ਪੀੜ੍ਹੀਆ ਤੋਂ ਚਲੀ ਆ ਰਹੀ ਦੁਕਾਨੇ-ਬਾਤਿਲ ਨੂੰ ਬੰਦ ਕਰਾਉਣ ਲਈ ਕੀਤਾ ਯਤਨ ਦੱਸਦੀ ਹੈ ! ਸ਼ੇਖ ਅਹਿਮਦ ਸਰਹਿੰਦੀ (ਰੋਜ਼ਾ ਸ਼ਰੀਫ਼) ਤੇ ਸ਼ੇਖ ਫਰੀਦ ਬੁਖਾਰੀ (ਜੋ ਬਾਅਦ ਵਿੱਚ ਮੁਰਤਜ਼ਾ ਖਾਂ ਦੇ ਖਿਤਾਬ ਨਾਲ ਮਨਸਬਦਾਰ ਬਣਿਆ !) ਦੀਆਂ ਆਪਸੀ ਚਿੱਠੀਆਂ ਵੀ ਇਸ ਨੂੰ ਸਹੀ ਸਜ਼ਾ ਕਰਾਰ ਦਿੰਦੀਆਂ ਹਨ !
- ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਮੁਗਲ ਲਿਖਾਰੀਆਂ ਨੇ ਛੁਟਿਆਉਣ ਲਈ ਡਾਕੇ ਮਾਰਨ ਕਰ ਕੇ ਦਿੱਤੀ ਗਈ ਸਜ਼ਾ ਲਿਖਿਆ ਸੀ, ਜਿਸ ਤੋਂ ਉਤਾਰਾ ਲੈ ਕੇ ਸਕੂਲ-ਬੋਰਡ ਦੇ ਕੁਝ ਇਤਿਹਾਸਕਾਰਾਂ ਨੇ ਵੀ ਕਿਤਾਬਾਂ ਵਿੱਚ ਪਾ ਦਿੱਤਾ ਸੀ, ਜੋ ਪਿਛੇ ਜਿਹੇ ਵਿਵਾਦ ਦਾ ਕਾਰਨ ਬਣਿਆ ਸੀ !
- ਕਿਸੇ ਦੇਸ਼/ਕੌਮੀਅਤ ਉੱਤੇ ਦੂਸਰੇ ਦੇਸ਼/ਕੌਮੀਅਤ ਦੀ ਮਲਕੀਅਤ ਹੋਣ ਉੱਤੇ ਆਪਣੀ ਕੌਮੀਅਤ/ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲਾ ਜਾਂ ਜਾਨ ਵਾਰਨ ਵਾਲਾ ਇੱਕ ਪਾਸੇ ਦਾ ਦੇਸ਼-ਦ੍ਰੋਹੀ ਤੇ ਦੂਜਿਆਂ ਦਾ ਕੌਮੀ-ਹੀਰਾ ਹੁੰਦਾ ਹੈ!
- ਦੋ ਮੁਲਕਾਂ/ਕੌਮਾਂ ਦੀ ਜੰਗ ਦੀ ਸਤਿਥੀ ਵਿੱਚ ਵੀ ਇੱਕ ਪਾਸੇ ਦੇ ਸਨਮਾਨਜਨਕ ਸ਼ਹੀਦ ਦੂਜੇ ਪਾਸੇ ਦੇ ਦੁਸ਼ਮਣ ਹੁੰਦੇ ਹਨ !
ਸੋ ਇੱਥੇ ਇਹ ਸਵਾਲ ਕਰਨਾ ਹੀ ਸਹੀ ਨਹੀਂ ਹੈ ਕਿ ਫਲਾਣੀ ਕੌਮੀਅਤ/ਵਿਚਾਰਧਾਰਾ ਦਾ ਸ਼ਹੀਦ ਅਸਲੀ ਸ਼ਹੀਦ ਕਿੱਦਾਂ ਤੇ ਸਾਡੇ ਸ਼ਹੀਦਾਂ ਦੇ ਮੁਕਾਬਲੇ ਉਹ ਕਿੱਥੇ ਖੜ੍ਹਦਾ ਹੈ ! ਬਲਕਿ ਸਾਰ ਇਹ ਬਣਦਾ ਹੈ ਕਿ ਜੋ ਵੀ ਵਿਅਕਤੀ ਇੱਕ ਆਸ਼ੇ ਤੋ ਜਾਨ ਵਾਰਨ ਤਕ ਦਾ ਹੌਸਲਾ ਰੱਖਦਾ ਹੋਵੇ ਤੇ ਜਿੰਦੜੀ ਵਾਰ ਕੇ ਆਪਣੇ ਸਿਦਕ ਦੀ ਮਿਸਾਲ ਵੀ ਦੇ ਜਾਵੇ ਫੇਰ ਉਹ ਕਿਸੇ ਵੀ ਵਿਚਾਰਧਾਰਾ ਦਾ ਹੋਵੇ, ਦਿਆਨਤਦਾਰੀ ਦੇ ਅਸੂਲ ਉਸਨੂੰ ਸ਼ਹੀਦ ਮੰਨਣ ਲਈ ਮਜਬੂਰ ਕਰਦੇ ਹਨ...
(ਨੋਟ: ਇੱਥੇ ਕੁਰਬਾਨੀ ਤੇ ਸ਼ਹੀਦੀ ਲਈ ਇੱਕ ਹੀ ਲਕਬ ਸ਼ਹੀਦੀ ਵਰਤਿਆ ਗਿਆ ਹੈ, ਹਾਲਾਕਿ ਇਹ ਦੋਵੇਂ ਮੂਲੋਂ ਅੱਡ ਹਨ, ਜੋ ਕਿ ਇੱਕ ਲੰਮਾ ਤੇ ਵੱਖਰਾ ਵਿਸ਼ਾ ਹੈ ਸੋ ਇਸ ਵਿਚਾਰ ਵਿੱਚ ਸ਼ਾਮਿਲ ਨਹੀਂ ਹੈ, ਉਸ ਬਾਰੇ ਵਿਚਾਰ ਫੇਰ ਕਦੇ..)
No comments:
Post a Comment