-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਕੁਝ ਕਹਿੰਦੇ ਹਨ ਕਿ ਮੌਤ ਰਿਸ਼ਤਿਆਂ ਨੂੰ ਤੋੜ ਦਿੰਦੀ ਹੈ, ਆਪਣਿਆਂ ਤੋਂ ਵਿਛੋੜ ਦਿੰਦੀ ਹੈ! ਸ਼ਾਇਦ ਸੱਚ ਹੋਵੇ...
ਅਸਲ ਵਿੱਚ ਜਦੋਂ ਵੀ ਅਸੀਂ ਇਸ ਵਿਸ਼ੇ ਨੂੰ ਛੇੜਦੇ ਹਾਂ ਤਾਂ ਸਾਡੀ ਪਰਿਭਾਸ਼ਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਕਿਸ ਪਰਿਪੇਖ ਵਿੱਚ ਆਪਣੀ ਵਿਚਾਰ-ਲੜ੍ਹੀ ਅੱਗੇ ਤੋਰ ਰਹੇ ਹਾਂ | ਆਪਣੇ ਪਿਆਰਿਆਂ ਦੇ (ਸਰੀਰਕ) ਵਿਛੋੜੇ ਦਾ ਜ਼ਿਕਰ ਛਿੜਦਿਆਂ ਹੀ ਅਸੀਂ ਇੱਕਦਮ ਭਾਵਨਾਤਮਕ ਧਰਾਤਲ 'ਤੇ ਪੁੱਜ ਜਾਂਦੇ ਹਾਂ, ਜਿੱਥੋਂ ਮੌਤ ਸਾਨੂੰ ਇੱਕ ਜ਼ਾਲਿਮ, ਪੀੜ੍ਹ-ਦਾਇਕ ਤੇ ਡਰ-ਕਾਰਕ ਸ਼ੈਅ ਭਾਸਦੀ ਹੈ, ਜਿਸਨੇ ਅੱਜ ਜਾਂ ਕੱਲ ਸਾਥੋਂ ਨਾ ਕੇਵਲ ਸਾਡਾ ਸਭ ਕੁਝ ਖੋਹ ਲੈਣਾ ਹੈ ਬਲਕਿ ਸਾਡੇ ਸਭ ਸਰੀਰਕ ਸਾਕਾਂ ਨੂੰ ਵੀ ਵੀਰਾਨੀ ਵਲ ਘੱਲ ਦੇਣਾ ਹੈ |
ਭੌਤਿਕ ਜਾਂ ਭਾਵਨਾਵਾਂ ਦੇ ਧਰਾਤਲ ਦੇ ਵਹਿਣਾਂ ਵਿੱਚ ਜੇ ਬਿਰਤੀ ਵਹਾ ਦਿੱਤੀ ਜਾਵੇ ਤਾਂ ਇਹ ਗਲ ਇੱਕਦਮ ਸਟੀਕ ਸੱਚ ਹੀ ਹੈ, ਕਿਉਂਕਿ ਆਈਂਸਟੀਨ ਦੇ ਰਿਲੇਟਿਵਿਟੀ ਦੇ ਸਿਧਾਂਤ ਨੂੰ ਜੋ ਵੱਡੇ ਪਧਰ ‘ਤੇ ਵਿਚਾਰੀਏ ਤਾਂ ਇਸਦੇ ਮੁਤਾਬਿਕ ਅਸੀਂ ਹਰ ਘਟਨਾ ਜਾਂ ਹਰ ਕਿਹੇ ਜਾਂਦੇ ਸਟੀਕ ਸੱਚ ਨੂੰ ਕਿਸੇ ਨਾ ਕਿਸੇ ਪਰਿਪੇਖ ਵਿੱਚ ਹੀ ਪਰਿਭਾਸ਼ਿਤ ਕਰ ਸਕਦੇ ਹਾਂ ਜਾਂ ਕਹਿ ਲਵੋ ਸੱਚ ਕਹਿ ਸਕਦੇ ਹਾਂ, ਪਰਿਪੇਖ (ਜਾਂ ਕਿਸੇ ਅਧਾਰ ਧਰਾਤਲ) ਤੋਂ ਬਿਨਾਂ ਕਿਸੇ ਸੱਚ ਦੀ ਕੋਈ ਸੱਤਤਾ ਨਹੀਂ ਹੁੰਦੀ !
ਹਿੰਦੀ ਦੀਆਂ ਦੋ ਲਾਈਨਾਂ ਹਨ:
ਸੱਤਯ ਕੀ ਸਥਾਪਿਤ ਸਤ੍ਯਤਾ ਹੈ ਕੇਵਲ ਪਰਿਪੇਕਸ਼ ਮੇਂ,
ਆਭਾਵ ਯਦਿ ਪਰਿਪੇਕਸ਼ ਕਾ ਅਨਾਧਾਰ ਗੂਢ਼ ਸਤਯ ਭੀ |
(ਕਵਲਦੀਪ ਸਿੰਘ ਕੰਵਲ)
ਹੁਣ ਜੇ ਅਸੀਂ ਰਿਸ਼ਤਿਆਂ ਨਾਲ ਜੁੜੀਆਂ ਸੰਵੇਦਨਾਵਾਂ ਤੇ ਭਾਵਨਾਵਾਂ ਨੂੰ ਸਰੀਰਕ ਧਰਾਤਲ ਤਕ ਹੀ ਸੀਮਿਤ ਰੱਖਿਆ ਹੈ ਤਾਂ ਹਾਂ ਸਾਨੂੰ ਸਾਡੇ ਪਿਆਰਿਆਂ ਦੇ ਸਰੀਰਕ ਤੌਰ 'ਤੇ ਜਾਣ ਦਾ ਅਸਹਿ ਤੇ ਡੂੰਘਾ ਧੱਕਾ ਲੱਗਣਾ ਬਿਲਕੁਲ ਵਾਜਿਬ ਹੈ, ਭਾਵੇਂ ਮਾਂ ਦੇ ਜਾਣ ਦਾ ਬਾਲ ਉਮਰ ਦੇ ਧੀ-ਪੁੱਤ ਨੂੰ ਜਾਂ ਜਵਾਨ ਪੁੱਤ ਦੇ ਜਾਣ ਦਾ ਬੁੱਢੜੀ ਮਾਂ ਨੂੰ...
ਪਰ ਮੈਂ ਅੱਜ ਤਕ ਜਿਹਨਾਂ ਦੇ ਕਰੀਬ ਰਿਹਾ ਹਾਂ ਮਹਿਸੂਸ ਕਰਦਾ ਹਾਂ ਕਿ ਉਹ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਮੇਰੇ ਨਾਲ ਹਨ ਜਿੱਦਾਂ ਉਹ ਆਪਣੀ ਸਰੀਰਕ ਵਜੂਦ ਦੀ ਕਾਇਮੀ ਵੇਲੇ ਸਨ, ਇਹ ਕੋਈ ਆਤਮਾਵਾਂ ਦਾ ਵਿਸ਼ਾ ਨਹੀਂ ਨਾ ਹੀ ਕੋਈ ਪੁਨਰ-ਜਨਮ ਇਤਿਆਦਿਕ ਦੀ ਚਰਚਾ, ਬਲਕਿ ਗੱਲ ਹੈ ਵਿਚਾਰਕ ਹਸਤੀ ਦੀ ਜਿਸ ਦਾ ਵਜੂਦ ਭਾਵੇਂ ਸਰੀਰਕ ਜਾਂ ਭਾਵਨਾਤਮਕਤਾ ਦੇ ਪਧਰ ਤੋਂ ਅਪਹੁੰਚ ਹੈ ਪਰ ਹੈ ਸਦੀਵ-ਕਾਲਿਕ |
ਉਹ ਸੱਜਣ ਜਿਹਨਾਂ ਦੀ ਕਦੇ ਮੈਂ ਨੇੜ੍ਹਤਾ ਮਾਣੀ ਸੀ ਤੇ ਹੁਣ ਸਰੀਰਕ ਰੂਪ ਵਿੱਚ ਉਹ ਭਾਵੇਂ ਮੇਰੇ ਨੇੜ੍ਹੇ ਮੌਜੂਦ ਨਹੀਂ ਹਨ ਪਰ ਉਹਨਾਂ ਦਾ ਵਿਚਾਰਕ ਵਜੂਦ ਸਦਾ ਮੇਰੇ ਨਾਲ ਹੈ ਤੇ ਸਦਾ ਹੀ ਰਵ੍ਹੇਗਾ, ਅਤੇ ਅਸਲ ਵਿੱਚ ਇਸ ਤੋਂ ਅਗਾਂਹ ਵੀ ਕੁਝ ਅਜਿਹਾ ਜੋੜ੍ਹ, ਅਜਿਹਾ ਰਿਸ਼ਤਾ ਵਜੂਦ ਵਿੱਚ ਹੈ ਜਿਸਨੂੰ ਸ਼ਾਇਦ ਗਿਆਨ ਦੇ ਤੱਤਕਾਲੀਨ ਪਧਰ ਤੋਂ ਨਾ ਪਰਿਭਾਸ਼ਿਤ ਕੀਤਾ ਜਾ ਸਕੇ; ਸਰੀਰ, ਆਤਮਾ, ਆਸਤਿਕਤਾ, ਨਾਸਤਿਕਤਾ, ਇਹ ਪਧਰ ਇਹਨਾਂ ਸਭ ਤੋਂ ਵੱਖਰਾ ਹੈ...
-੦-੦-੦-
No comments:
Post a Comment