- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਅੱਜ ਪਤਾ ਲੱਗਿਆ,
ਕਿ ਮੈਂ ਤੇਰੇ ਲਈ,
ਸਿਰਫ਼ ਇੱਕ “ਵਸੀਲਾ” ਸੀ,
ਤੇਰੀ “ਅਸਲੀ” ਮੰਜ਼ਿਲ ਤੱਕ,
ਜਾਂਦੇ ਰਾਹ ਨੂੰ,
ਰਤਾ ਸੁਖਾਲਾ ਕਰਨ ਦਾ !
ਉਹ ਵਸੀਲਾ,
ਜਿਹਨੂੰ ਬੱਸ ਵਾਹ ਪੈਂਦੇ,
ਵਰਤ ਲਿਆ ਜਾਂਦਾ ਹੈ;
ਤੇ ਫੇਰ ਮਕਸਦ ਮੁੱਕਦੇ ਹੀ,
ਸੁੱਟ ਦਿੱਤਾ ਜਾਂਦਾ ਹੈ,
ਕਿਸੇ ਵਰਤ ਮੁਕਾਈ “ਵਸਤੂ” ਦੀ,
ਅਣਚਾਹੀ ਰਹਿੰਦ-ਖੂਹੰਦ ਵਾਂਗ,
ਇੱਕ ਅਹਿਸਾਸਹੀਣ,
ਤੇ ਸੱਤਵਿਹੀਣ,
ਨਿਰਜੀਵ ਕੂੜ੍ਹਾ ਜਾਣ ਕੇ;
ਜਾਂ ਫੇਰ ਕਿਸੇ ਕੱਚਿਆਂ ਤੋਂ,
ਸ਼ਾਹਰਾਹ ਨਾਲ,
ਜੋੜਦੀ ਸੜਕ ਵਰਗਾ,
ਉਹ ਜਿਸਦੀ ਉਪਯੋਗਤਾ,
ਜਰਨੈਲੀ-ਰਾਹ ‘ਤੇ ਪੁੱਜਦਿਆਂ ਹੀ,
ਮੁੱਕ-ਗਈ ਸਮਝੀ ਜਾਂਦੀ ਹੈ;
ਬਿਨਾਂ ਇਹ ਪਰਵਾਹ ਕੀਤਿਆਂ,
ਕਿ ਕਿਤੇ ਓਸੇ ਨੇ ਹੀ ਤਾਂ,
ਕੋਈ ਗੰਢ ਤੇ ਨਹੀਂ ਪਾ ਲਈ ਸੀ,
ਆਪਣੇ ਤੋਂ ਲੰਘ ਕੇ ਗਏ,
ਕਿਸੇ ਮਤਲਬਪ੍ਰਸਤ ਪਾਂਧੀ ਨਾਲ,
ਆਪਣੇ ਵਰਤਣ ਵਾਲੇ ਨਾਲ ..
~~~~~~~~~~~~~~~~~~~~~~~~~~~~~
- پروفیسر کولدیپ سنگھ کنول
اج پتہ لگیا،
کہ میں تیرے لئی،
صرف اک “وسیلہ” سی،
تیری “اصلی” منزل تکّ،
جاندے راہ نوں،
رتا سکھالا کرن دا !
اوہ وسیلہ،
جہنوں بسّ واہ پیندے،
ورت لیا جاندا ہے؛
تے پھیر مقصد مکدے ہی،
سٹّ دتا جاندا ہے،
کسے ورت مکائی “وستو” دی،
انچاہی رہند-کھوہند وانگ،
اک اہساسہین،
تے ستوہین،
نرجیوَ کوڑھا جان کے؛
جاں پھیر کسے کچیاں توں،
شاہراہ نال،
جوڑدی سڑک ورگا،
اوہ جسدی اپیوگتا،
جرنیلی-راہیلی ‘تے پجدیاں ہی،
مکّ-گئیکّ سمجھی جاندی ہے؛
بناں ایہہ پرواہ کیتیاں،
کہ کتے اوسے نے ہی تاں،
کوئی گنڈھ تے نہیں پا لئی سی،
اپنے توں لنگھ کے گئے،
کسے مطلب پرست پاندھی نال،
اپنے ورتن والے نال ..
No comments:
Post a Comment