- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਕਦੇ-ਕਦੇ ਅਖੌਤ ਵਜੋਂ ਕਹਿੰਦੇ ਹੁੰਦੇ ਹਨ ਕਿ ਫਲਾਣਾ ਜਿੰਨਾ ਧਰਤੀ ਦੇ ਉੱਪਰ ਹੈ ਉਸਤੋਂ ਵੱਧ ਉਸਦੇ ਹੇਠਾਂ ਹੈ, ਇਹੋ ਹਾਲ ਸਾਡੇ ਲੋਕ ਮਨਾਂ ਵਿੱਚ ਘਰ ਕਰ ਚੁਕੇ ਪ੍ਰਤੀਕਾਂ ਦੀਆਂ ਗਾਥਾਵਾਂ ਦਾ ਹੈ .. ਕਿਸੇ ਦੋਸਤ ਨੇ ਸਹੀ ਕਿਹਾ ਸੀ ਕਿ ਲੋਕ-ਗਾਥਾਵਾਂ ਸਮਾਜ (ਜਾਂ ਕਹਿ ਲਵੋ ਪ੍ਰਚਾਰਿਤ ਕਰਨ ਵਾਲਿਆਂ ਦੀਆਂ) ਦੱਬੀਆਂ ਖਵਾਹਿਸ਼ਾਂ ਦੀ ਤਰਜਮਾਨੀ ਕਰਦੀਆਂ ਹਨ, ਇਸਤੋਂ ਥੋੜਾ ਅੱਗੇ ਵੱਧ ਮੈਂ ਇਹ ਵੀ ਕਹਿਣ ਦੀ ਹਿਮਾਕਤ ਕਰਾਂਗਾ ਕਿ ਲੋਕ-ਪ੍ਰਤੀਕ ਭਾਵੇਂ ਇਤਿਹਾਸਿਕ ਹੀ ਕਿਉਂ ਨਾ ਹੋਣ ਘੱਟੋ-ਘੱਟ ਨੱਬੇ ਫੀਸਦ ਤਾਂ ਸਮੇਂ ਦੇ ਨਾਲ ਉਹਨਾਂ ਉੱਤੇ ਮਿਥਿਹਾਸ ਦਾ ਪਾਣੀ ਚੜ ਹੀ ਜਾਂਦਾ ਹੈ, ਅਤੇ ਆਪਣੀ ਸ਼ਰਧਾ ਦੇ ਹੱਥੋਂ ਅੰਨ੍ਹੇ ਹੋ ਕੇ ਜਿਸਦੀ ਪੱਪੜੀ ਦੇ ਅੰਦਰ ਦੇ ਸੱਚ ਨੂੰ ਵੇਖਣ ਦਾ ਯਤਨ ਅਸੀਂ ਕਦੀਂ ਵੀ ਨਹੀਂ ਕਰ ਪਾਉਂਦੇ !
ਸੋ ਮੀਰਾ ਦੇ ਇੱਕ ਇਤਿਹਾਸਿਕ ਪਾਤਰ ਹੋਣ ਦੇ ਨਾਤੇ ਉਸਦੇ ਜੀਵਨ-ਚਰਿਤਰ ਦਾ ਵਿਸ਼ਲੇਸ਼ਣ ਕਰਦੇ ਹੋਏ ਉਸ ਸਮੇਂ ਦੇ ਇਤਿਹਾਸਿਕ - ਰਾਜਨੀਤਿਕ ਅਤੇ ਧਾਰਮਿਕ - ਹਲਾਤਾਂ ਨੂੰ ਉਸਦੀ ਕਹਾਣੀ ਵਿੱਚੋਂ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰਨਾ ਇੱਕ ਕੁਫ਼ਰ ਹੀ ਹੋਵੇਗਾ ! ਮੀਰਾ, ਕੁਝ ਵੀ ਹੋਵੇ, ਪਹਿਲਾਂ ਇੱਕ ਰਾਜਕੁਮਾਰੀ ਤੇ ਫੇਰ ਇੱਕ ਤਾਕਤਵਰ ਰਾਜਪੂਤ ਰਿਆਸਤ ਦੀ ਰਾਣੀ ਵੀ ਸੀ, ਜੋ ਉਸ ਵਕਤ ਮੁਗਲਾਂ ਨਾਲ ਇੱਕ ਵੱਡੇ ਰਾਜਸੀ ਸੰਘਰਸ਼ ਵਿੱਚ ਜੂਝ ਰਹੀ ਸੀ; ਫਿਰ ਕਾਫੀ ਸ੍ਰੋਤਾਂ ਵਿੱਚ ਮੀਰਾ ਦੇ ਮੁਗਲ ਬਾਦਸ਼ਾਹ ਅਕਬਰ ਨੂੰ ਮਿਲਣ ਦਾ ਜ਼ਿਕਰ ਆਉਂਦਾ ਹੈ, ਭਾਵੇਂ ਬਹੁਤੇ ਸਰੋਤ ਕੇਵਲ ਸ਼ਰਧਾਵਾਨ ਹੋ ਕੇ ਅਕਬਰ ਨੂੰ ਉਸਦੇ ਭਜਨਾਂ ਦਾ ਮੁਰੀਦ ਹੋ ਮਿਲਣ ਦੀ ਗੱਲ ਦੱਸਦੇ ਹਨ, ਪਰ ਜੇਕਰ ਇਹ ਮਿਲਣੀ ਹੋਈ ਸੀ ਤਾਂ ਇਸ ਵਿੱਚਲੇ ਰਾਜਸੀ ਤੱਤ ਨੂੰ ਕਦੇ ਵੀ ਗੌਣ ਨਹੀਂ ਗਿਣਿਆ ਜਾ ਸਕਦਾ, ਬਲਕਿ ਇਹ ਇੱਕ ਵਿਰੋਧੀ ਰਿਆਸਤ ਦੀ ਰਾਣੀ ਵਲੋਂ ਲਿਆ ਗਿਆ ਬਹੁਤ ਹੀ ਹਿੰਮਤ ਵਾਲਾ ਰਾਜਸੀ ਕਦਮ ਸੀ ਜੋ ਸ਼ਾਇਦ ਇਤਿਹਾਸ ਦੀਆਂ ਅਹਿਮ ਘਟਨਾਵਾਂ ਵਿੱਚੋਂ ਸੀ, ਫਿਰ ਅਜਿਹੇ ਲੀਕੋਂ ਹੱਟ ਕੇ ਲਏ ਗਏ ਰਾਜਸੀ ਫੈਸਲੇ ਆਪਣੇ ਵਿਰੋਧੀ ਆਪ ਹੀ ਸਿਰਜ ਲੈਂਦੇ ਹਨ, ਜੋ ਸ਼ਾਇਦ "ਰਾਣੀ" ਮੀਰਾ ਨਾਲ ਵੀ ਹੋਇਆ ਹੋ ਸਕਦਾ ਹੈ ...
ਦੂਜੇ, ਮੀਰਾ ਦੀ ਇਤਿਹਾਸਕਤਾ ਵਿੱਚੋਂ ਸਮਕਾਲੀ ਧਾਰਮਿਕ ਪੱਖ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਕਿਉਂਜੋ ਇਤਿਹਾਸ ਨੂੰ ਸਹੀ ਢੰਗ ਨਾਲ ਪੜ੍ਹੀਏ ਅਤੇ ਅੱਜ ਦੇ ਟੀ.ਵੀ. ਚੈਨਲਾਂ ਦੇ (Post Ramanand Sagar & B.R. Chopra) ਮਿਲਗੋਭਾ ਕਮਰਸ਼ੀਅਲ-ਬਨਾਮ-ਧਾਰਮਿਕ ਸੀਰਿਅਲ ਯੁੱਗ ਵਿੱਚ ਪਰੋਸੇ ਮਿਥਿਹਾਸ ਨੂੰ ਲਾਂਭੇ ਰੱਖ ਕੇ ਦੇਖੀਏ, ਤਾਂ ਇੱਕ ਵੱਡੀ ਸੱਚਾਈ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਇੱਕ ਇਕਾਈ ਵਾਂਗ ਪੇਸ਼ ਕੀਤਾ ਜਾਂਦਾ ਹਿੰਦੂ-ਧਰਮ ਆਪਣੇ ਮੰਨੇ ਜਾਂਦੇ ਇਤਿਹਾਸ ਦੇ ਹਜ਼ਾਰਾਂ ਸਾਲਾਂ ਵਿੱਚ ਕਦੇ ਵੀ ਇੱਕ ਇਕਾਈ ਨਹੀਂ ਰਿਹਾ, ਬਹੁਤ ਸਾਰੀਆਂ ਸ਼ਾਖਾਵਾਂ ਅਲੱਗ-੨ ਰੂਪ ਵਿੱਚ ਆਪਣੀ ਵੱਖਰੀ ਹਸਤੀ, ਹੋਂਦ ਤੇ ਇਸ਼ਟ ਰੱਖਦੀਆਂ ਸਨ - ਜਿਹਨਾਂ ਵਿੱਚੋਂ ਮੁੱਖ ਵੈਸ਼ਨਵ, ਸ਼ੈਵ, ਸਾਕਤ, ਜੋਗ, ਵਾਮ-ਮਾਰਗੀ ਇਤਿਆਦਿਕ ਸਨ - ਅਤੇ ਫੇਰ ਇਹਨਾਂ ਦੀਆਂ ਅੱਗੇ ਕਈਂ ਧਾਰਾਵਾਂ ਸਨ, ਜੋ ਆਪਣੇ ਵਿਚਾਰਾਂ ਤੇ ਬੜੀ ਕੱਟੜਤਾ ਨਾਲ ਪਹਿਰਾ ਦਿੰਦੀਆਂ ਸਨ ਅਤੇ ਆਪਣੇ ਕਿਸੇ ਵੀ ਵਿਰੋਧੀ ਧਾਰਮਿਕ ਵਿਸ਼ਵਾਸ਼ ਨੂੰ ਦਬਾਉਣ ਵਾਸਤੇ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ! ਫੇਰ ਰਾਜਪੂਤਾਨੇ ਦਾ ਇਤਿਹਾਸ ਦੇਖੀਏ ਤਾਂ ਮੀਰਾ ਦਾ ਸਹੁਰਾ ਪਰਿਵਾਰ ਦੇਵੀ-ਪੂਜ ਸਾਕਤ ਸੀ, ਉਹ ਧਰਮ ਜੋ ਬਲੀ, ਮਾਸ ਅਤੇ ਮਦਿਰਾ ਦੇ ਧਾਰਮਿਕ ਕਾਰਜਾਂ ਵਿੱਚ ਮਹੱਤਵ ਕਰਕੇ ਜਾਣਿਆ ਜਾਂਦਾ ਹੈ, ਫੇਰ ਮੀਰਾ ਦਾ ਇਸਤੋਂ ਪੂਰੀ ਤਰ੍ਹਾਂ ਉਲਟ ਵੈਸ਼ਨਵ-ਮੱਤ ਨੂੰ ਧਾਰਣ ਕਰਨਾ ਅਸਲ ਵਿੱਚ ਸਹੁਰੇ ਪਰਿਵਾਰ ਦੇ ਧਾਰਮਿਕ ਵਿਸ਼ਵਾਸ਼ਾਂ 'ਤੇ ਡਾਢੀ ਮਾਰ ਰਹੀ ਹੋਵੇਗੀ ਤੇ ਸ਼ਾਇਦ ਕੱਟੜਤਾ ਨੂੰ ਹਲੂਣਾ ਵੀ, ਸੋ ਨਿਸ਼ਚਿਤ ਹੈ ਵਿਰੋਧ ਉਪਜਣਾ ਲਾਜ਼ਿਮ ਸੀ |
ਸੋ ਬੇਸ਼ਕ ਮੀਰਾ ਦੇ ਅਧਿਆਤਮਕ ਜਾਂ ਭਗਤੀ ਪੱਖ ਨੂੰ ਅੱਖੋਂ-ਪਰੋਖੇ ਕਰਨਾ ਵੀ ਮੂਲੋਂ ਗਲਤ ਹੋਵੇਗਾ, ਪਰ ਮੀਰਾ ਦੇ ਪਾਤਰ ਦਾ ਪੂਰੇ ਇਤਿਹਾਸਿਕ ਤੇ ਸਮਕਾਲੀ ਕਾਰਕਾਂ ਸਹਿਤ ਵਿਸ਼ਲੇਸ਼ਣ ਕੀਤੇ ਬਗੈਰ, ਉਸਦੇ ਇੱਕ ਰਾਜਸੀ-ਪਰਿਵਾਰ ਵਲੋਂ ਕੀਤੇ ਗਏ ਵਿਰੋਧ ਨੂੰ ਮਹਿਜ਼ ਇੱਕ ਉਸਦੀ ਕ੍ਰਿਸ਼ਨ-ਭਗਤੀ ਦਾ ਵਿਰੋਧ ਕਹਿਣਾ ਇੱਕ ਬੇਸਮਝੀ ਹੀ ਹੋਵੇਗੀ !