- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
੧.
ਸੋਨਾ ਤੱਕੜੀ 'ਤੇ ਤੌਲਿਆ ਏ,
ਜਲੇਬੀਆਂ ਦੇ ਲੰਗਰ ਚਲਦੇ,
ਸ਼ਹੀਦੀਆਂ ਨੂੰ ਰੌਲਿਆ ਏ |
੨.
ਪਾ ਛਾਨਣੀ 'ਚ ਛੱਟਿਆ ਏ,
ਮੀਲਾਂ ਦੇ ਜਲੂਸ ਕੱਢ ਕੇ,
ਦੱਸੋ ਕੀ ਤੁਸਾਂ ਖੱਟਿਆ ਏ |
੩.
ਫੱਟੇ ਸੱਚੀ-ਮੁੱਚੀ ਚੱਕ ਦਿੱਤੇ,
ਰੱਜਿਆਂ ਦੇ ਢਿੱਡ ਭਰਦੇ,
ਭੁੱਖੇ ਡੰਡੇ ਮਾਰ ਹੱਕ ਦਿੱਤੇ |
੪.
ਮੇਲਾ ਲਾਇਆ ਮੇਲੇ ਦਾ,
ਸਿਰਾਂ 'ਚ ਸਵਾਹ ਪਾ ਲਈ,
ਪਰਚਾਰ ਨਾ ਧੇਲੇ ਦਾ |
੫.
ਕੱਠੇ ਹੋਏ ਸਾਰੇ ਰਾਸੀ* ਨੇ,
ਸਟੇਜਾਂ ਗੁਰੂ-ਘਰ ਲੱਗੀਆਂ,
ਨਾਰ੍ਹੇ ਲੱਗਦੇ ਸਿਆਸੀ ਨੇ |
(*ਰਾਸੀ = ਰਾਸ ਪਾਉਣ ਵਾਲੇ, ਡਰਾਮਾ ਦਿਖਾਉਣ ਵਾਲੇ)
੬.
ਜੀਂਦੇ ਜਾਗਦੇ ਮੁਰਦੇ ਬਣੇ,
ਦਿਨੇ ਸੀ ਜੈਕਾਰੇ ਮਾਰਦੇ,
ਸ਼ਾਮੀਂ ਲਾ ਘੁੱਟ ਤੁਰਦੇ ਬਣੇ |
੭.
ਖੇਤ ਖਾ ਲਿਆ ਵਾੜਾਂ ਨੇ,
ਸਿੱਖੀ ਦਿਨੋਂ-ਦਿਨ ਖੁਰਦੀ,
ਮੂੰਹ ਸਿਰ ਤੇ ਉਜਾੜਾਂ ਨੇ |
੮.
ਸਾਧ ਭੇਖ ‘ਚ ਹੰਤ* ਬੈਠੇ,
ਗੋਲਕ ‘ਤੇ ਕਰਨ ਸ਼ੁਗਲਾਂ,
ਮੁੜ ਆਣ ਕੇ ਮਹੰਤ ਬੈਠੇ |
(*ਹੰਤ = ਮਾਰਨ ਵਾਲੇ, ਕਾਤਲ)
੯.
ਭਵਿੱਖ ਕੌਮ ਦਾ ਰੁੜ੍ਹਿਆ ਏ,
ਫਿੱਟ ਐਸੇ ਜੋੜ-ਮੇਲਿਆਂ,
ਦੱਸੋ ਕੀ ਬਾਝੋਂ ਥੁੜ੍ਹਿਆ ਏ |
No comments:
Post a Comment