- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਪਿੱਛਲੇ ਕੁਝ ਸਮੇਂ ਤੋਂ ਇੰਟਰਨੈੱਟ ਦੀਆਂ ਸ਼ੋਸ਼ਲ ਨੈਟਵਰਕਿੰਗ ਸਾਇਟਜ਼ ਉੱਪਰ ਕੁਝ ਦੋਸਤਾਂ ਵਲੋਂ ਪੰਜਾਬ ਦੇ ਕਿਸੇ ਸਕੂਲ ਦੇ ਬੱਚਿਆਂ ਦੁਆਰਾ ਆਪਣੀ ਹੀ ਕਲਾਸ ਵਿੱਚ ਖੁੱਲ੍ਹੇਆਮ ਕੀਤੀਆਂ ਜਾ ਰਹੀਆਂ ਗਲਤ ਹਰਕਤਾਂ ਦੀ ਵੀਡੀਓ ਗਿਰਦੇ ਸਮਾਜਿਕ ਚਰਿੱਤਰ ਦੀ ਦੁਹਾਈ ਦੇ ਕੇ, ਬੜੇ ਦੁੱਖ ਦਾ ਪ੍ਰਗਟਾਵਾ ਕਰ, ਵੰਡੀ ਜਾ ਰਹੀ ਹੈ, ਜਿਸਦੇ ਕਾਰਨ ਦੁਖੀ ਤਾਂ ਮੈਂ ਵੀ ਹਾਂ, ਪਰ, ਇਹਨਾਂ ਸਭ ਤੋਂ ਵੱਖ, ਮੈਂ ਇਹ ਸੋਚ ਕੇ ਦੁਖੀ ਹਾਂ ਕਿ ਬੱਚੇ ਤਾਂ ਬੱਚੇ ਆਖ਼ਰ ਇਹ ਵੱਡੇ ਕਿਸ ਹੱਦ ਤਕ ਗਿਰ ਗਏ ਨੇ ਆਪਣੀ ਸੋਚਣੀ ਪੱਖੋਂ ...
ਮੰਨਿਆ ਕਿ ਬੱਚਿਆਂ ਨੇ ਗਲਤੀ ਕੀਤੀ ਹੈ, ਪਰ ਇਸ ਵਿੱਚ ਵੀ ਉਹਨਾਂ ਤੋਂ ਵੱਧ ਕਸੂਰ ਉਹਨਾਂ ਦੇ ਦੁਆਲੇ ਸਿਰਜੇ ਵਾਤਾਵਰਨ ਦਾ ਹੈ, ਜਿਸ ਵਿੱਚ ਮੀਡੀਆ ਦੇ "ਸਿਰ 'ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ" ਦੀ ਨੀਤੀ ਕਾਰਨ ਪਰਿਵਾਰਕ ਚੈਨਲਾਂ ਉੱਤੇ ਅਤੇ ਪਰਿਵਾਰਕ ਸਮੇਂ 'ਤੇ ਉਪਲਬਧ ਸਮੇਂ ਵਿੱਚ ਪਰੋਸੀ ਜਾ ਰਹੀ ਕਾਮੁਕ ਸਮਗਰੀ ਦੇ ਬੇ-ਰੋਕਟੋਕ ਪ੍ਰਸਾਰਨ ਨਾਲ ਸਮਾਜ ਦੇ ਨੀਵਾਣ ਵਲ ਜਾਣ ਨੂੰ ਵਧਾਵਾ ਮਿਲ ਰਿਹਾ ਹੈ, ਜੋ ਕਿ ਨਾ ਕੇਵਲ ਵਿਅਸਕ ਉਮਰ ਦੇ ਲੋਕਾਂ ਬਲਕਿ ਬੱਚਿਆਂ ਦੀ ਵੀ ਖੁੱਲ੍ਹੀ ਪਹੁੰਚ ਵਿੱਚ ਹਨ ਅਤੇ ਉਮਰ ਦੇ ਨਾਲ ਹੋ ਰਹੇ ਉਹਨਾਂ ਦੇ ਕੁਦਰਤੀ ਸਰੀਰਕ ਤੇ ਭਾਵਨਾਤਮਿਕ ਵਿਕਾਸ ਦੇ ਸਮੇਂ ਦੌਰਾਨ ਉਹਨਾਂ ਦੇ ਕੱਚੇ ਮਨ 'ਤੇ ਮਨੋਵਿਗਿਆਨਿਕ ਨਜ਼ਰੀਏ ਨਾਲ ਬਹੁਤ ਗਹਿਰਾ ਅਸਰ ਕਰਦੇ ਹਨ; ਫੇਰ ਵੱਡੇ ਦੋਸ਼ ਦੇ ਭਾਗੀ ਮਾਤਾ-ਪਿਤਾ ਬਣਦੇ ਹਨ, ਜੋ ਔਲਾਦ ਨੂੰ ਕੇਵਲ ਜਨਮ ਤੇ ਸਾਰੀਆਂ ਆਧੁਨਿਕ ਸੁੱਖ ਸਹੂਲਤਾਂ ਦੇ ਕੇ ਆਪਣੇ ਆਪ ਨੂੰ ਆਪਣੇ ਫਰਜ਼ ਤੋਂ ਸੁਰਖਰੂ ਸਮਝ ਲੈਂਦੇ ਹਨ ਅਤੇ ਆਧੁਨਿਕਤਾ ਦੇ ਕਾਰਨ ਜੀਵਨ ਤੇ ਚਰਿੱਤਰ ਨੂੰ ਦਰਪੇਸ਼ ਚਣੌਤੀਆਂ ਸੰਬੰਧੀ ਆਪਣੀ ਅਗਲੀ ਪੀੜੀ ਨੂੰ ਜਾਣਕਾਰੀ ਦੇਣ ਤੋਂ ਪੱਤਰਾ ਵਾਚ ਜਾਂਦੇ ਹਨ ਅਤੇ ਨਾਲ ਹੀ ਨਾਲ ਆਪਣੀ ਪੈਸਾ ਤੇ ਸਹੂਲਤ ਪ੍ਰਸਤੀ ਦੀ ਦੌੜ ਵਿੱਚ ਇੰਨੇ ਗ੍ਰਸਤ ਹੋ ਜਾਂਦੇ ਹਨ ਕਿ ਕਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਬਦਲਦੀ ਜ਼ਿੰਦਗੀ ਦੇ ਮਹੱਤਵਪੂਰਨ ਪੜਾਵ ਵਿੱਚ ਸੁਯੋਗ ਅਗਵਾਈ ਜਾਂ ਘੱਟੋ-ਘੱਟ ਇੱਕ ਸਾਥ ਦੇਣ ਲਈ ਵੀ ਸਮਾਂ ਕੱਢ ਸਕਣ, ਬਲਕਿ ਉਹ ਤਾਂ ਮਹਿੰਗੇ ਸਕੂਲਾਂ ਅਤੇ ਉਸਤੋਂ ਬਾਅਦ ਖਰਚੀਲੀਆਂ ਟਿਊਸ਼ਨ-ਕਲਾਸਾਂ ਵਿੱਚ ਬੱਚਿਆਂ ਨੂੰ ਸੁੱਟ ਕੇ ਆਪਣੇ ਇਸ ਫਰਜ਼ ਦੀ ਜ਼ਿੰਮੇਵਾਰੀ ਹੋਰਾਂ 'ਤੇ ਪਾ ਦਿੰਦੇ ਹਨ ਅਤੇ ਅਜਿਹਾ ਕਰ ਇਹ ਭੁੱਲ ਜਾਂਦੇ ਹਨ ਕਿ ਜੇ ਉਹ ਆਪਣਾ ਫਰਜ਼ ਨਿਜੀ ਰਿਸ਼ਤਾ ਹੋਣ ਦੇ ਬਾਵਜੂਦ ਵੀ ਖੁੱਦ ਨਿਭਾਉਣ ਤੋਂ ਮੁਨਕਰ ਹਨ ਤਾਂ ਫੇਰ ਇਹ ਆਉਟਸੋਰਸ ਕੀਤਾ ਕੰਮ ਕੋਈ ਹੋਰ ਨਿਜੀ ਤਨਦੇਹੀ ਨਾਲ ਕਿਉਂ ਕਰੂਗਾ; ਬਾਕੀ ਦਾ ਦੋਸ਼ ਇਸ ਵੀਡੀਓ ਨੂੰ ਇੰਟਰਨੈੱਟ ਤੇ ਹੋਰ ਮੀਡੀਆ 'ਤੇ ਸਰਕੂਲੇਟ ਕਰਨ ਵਾਲੇ ਲੋਕਾਂ 'ਤੇ ਵੀ ਜਾਂਦਾ ਹੈ, ਭਾਵੇਂ ਅਜਿਹੇ ਸ਼ਾਬਦਿਕ ਪੱਖੋਂ ਤਾਂ ਖੂਬ ਚਰਿੱਤਰ ਦੀ ਗਿਰਾਵਟ ਦੀ ਗੱਲ ਕਰ ਰਹੇ ਹਨ, ਪਰ ਚਰਿੱਤਰ ਪੱਖੋਂ ਸਭ ਤੋਂ ਹੋਛਾ ਕੰਮ ਉਹਨਾਂ ਨੇ ਹੀ ਕੀਤਾ ਹੈ, ਕਿਉਂ ਜੋ ਅਜਿਹੇ ਦ੍ਰਿਸ਼ ਨੂੰ ਜਿੱਥੇ ਉਹ ਪੂਰੀ ਦੁਨੀਆਂ ਵਿੱਚ ਵੰਡ ਆਪਣੇ ਚਰਿੱਤਰਵਾਦੀ ਹੋਣ ਦੀ ਦੁਹਾਈ ਦਿੰਦੇ ਨਹੀਂ ਥੱਕ ਰਹੇ ਪਰ ਉੱਥੇ ਅਸਲ ਵਿੱਚ ਉਹਨਾਂ ਦਾ ਅਜਿਹੇ ਦ੍ਰਿਸ਼ਾਂ ਨੂੰ ਵੰਡਣਾ ਹੀ ਉਹਨਾਂ ਦੇ ਦਾਅਵਿਆਂ ਨੂੰ ਤਾਰ-੨ ਕਰ ਰਿਹਾ ਹੈ, ਜਿਸ ਰਾਹੀਂ ਆਪਦੀਆਂ ਅੱਖਾਂ ਸੇਕਣ ਦੇ ਨਾਲ-੨ ਉਹ ਇਸ ਵੀਡੀਓ ਦੇ ਫੈਲਾਓ ਵਿੱਚ ਵੀ ਯੋਗਦਾਨ ਪਾ ਰਹੇ ਹਨ, ਅਤੇ ਅਜਿਹਾ ਕਰਨ ਨਾਲ ਉਹ ਇਹਨਾਂ ਬੱਚਿਆਂ ਦੇ (ਅੱਲੜ੍ਹਪੁਣੇ ਵਿੱਚ ਕਿਤੇ ਗਲਤ ਕੰਮ ਕਾਰਨ) ਅਤੇ ਉਹਨਾਂ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਨੂੰ ਤਹਿਸ-ਨਹਿਸ ਕਰਨ ਵਿੱਚ ਵੀ ਪੂਰਨ ਯੋਗਦਾਨ ਪਾ ਰਹੇ ਹਨ, ਕਿਉਂ ਕਰ ਸਾਫ਼ ਚਹਿਰਿਆਂ ਸਮੇਤ ਬੱਚਿਆਂ ਦੀ ਵੀਡੀਓ ਦੁਨੀਆਂ ਭਰ ਵਿੱਚ ਪਹੁੰਚਣ ਕਾਰਨ ਇਹਨਾਂ ਬਾਲਾਂ ਦੇ ਜੀਵਨ 'ਤੇ ਕੀ ਦੁਸ਼ਪ੍ਰਭਾਵ ਪਏਗਾ ਉਸਨੂੰ ਇਹਨਾਂ ਨੇ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ ...
ਸੱਚਮੁੱਚ ਸ਼ਰਮ ਜ਼ਰੂਰ ਆਉਂਦੀ ਹੈ, ਪਰ ਉਹਨਾਂ ਅੱਲੜ੍ਹ ਬੱਚਿਆਂ 'ਤੇ ਘੱਟ, ਬਲਕਿ ਇਹਨਾਂ "ਕਹੇ ਜਾਂਦੇ" ਵੱਡਿਆਂ 'ਤੇ ਹੱਦੋਂ ਵੱਧ !!!
No comments:
Post a Comment