- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਹਿੰਡੋਲਾ (ਬਹੁਵਚਨ – ਹਿੰਡੋਲੇ) ਤਾਲ ਅਧਾਰਿਤ ਕਾਵਿ ਛੰਦ ਵਿਧਾ ਹੈ | ਇਹ ਤਿੰਨ ਹਿੱਸਿਆਂ ਵਿੱਚ ਲਿਖਿਆ ਜਾਂਦਾ ਹੈ | ਇਸਦੀ ਤਾਲ 7-7 / 5-7-5 / 7-7 ਦੇ ਨਿਯਮ ਅਨੁਸਾਰ ਚਲਦੀ ਹੈ |
ਤਾਲ:
ਜਿਥੇ ਹੋਰ ਛੰਦਾਬੰਦੀ ਰੂਪ ਵਿਲੋਕਤਰੀਆਂ ਮਾਤਰਾਵਾਂ ‘ਤੇ ਅਧਾਰਿਤ ਹੁੰਦੇ ਹਾਂ, ਉੱਥੇ ਹਿੰਡੋਲੇ ਦੀ ਚਾਲ ਮਾਤਰਾਵਾਂ ਅਤੇ ਅੱਖਰ ਦੇ ਸੁਮੇਲ ਨਾਲ ਬਣੀ ਇੱਕ ਪੂਰਨ ਤਾਲ ਇਕਾਈ ‘ਤੇ ਚਲਦੀ ਹੈ | ਤਾਲ ਨੂੰ ਹੇਠਲੇ ਉਧਾਰਣ ਨਾਲ ਸਮਝਿਆ ਜਾ ਸਕਦਾ ਹੈ:
ਸ਼ਬਦ: ਵਿੰਧਿਆਚਲੀ
ਮਾਤਰਾਵਾਂ: ਿ + ਵ + ੰ + ਿ + ਧ + ਅ + ਾ + ਚ + ਲ + ੀ (ਕੁੱਲ ਗਿਣਤੀ = 10)
ਤਾਲਾਂ: ਵਿੰ + ਧਿ + ਆ + ਚ + ਲੀ (ਕੁੱਲ ਗਿਣਤੀ = 5)
ਹਿੰਡੋਲੇ ਦੀ ਵੰਡ:
ਜਿਸ ਪ੍ਰਕਾਰ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਹਿੰਡੋਲੇ ਦੇ ਮੁੱਖ ਰੂਪ ਵਿੱਚ ਤਿੰਨ ਭਾਗ ਹੁੰਦੇ ਹਨ:
੧. ਭੂਮਿਕਾ / ਮਜ਼ਮੂਨ :
ਇਹ ਹਿੰਡੋਲੇ ਦਾ ਪਹਿਲਾ ਹਿੱਸਾ ਹੈ | ਇਹ ਦੋ ਸਤਰਾਂ ਵਿੱਚ ਲਿਖਿਆ ਜਾਂਦਾ ਹੈ | ਹਰ ਸਤਰ ਵਿੱਚ ਸੱਤ (7) ਤਾਲਾਂ ਹੁੰਦੀਆਂ ਹਨ | ਦੋਹਾਂ ਸਤਰਾਂ ਦੇ ਤੁਕਾਂਤ ਆਪਸ ਵਿੱਚ ਮਿਲਣੇ ਜ਼ਰੂਰੀ ਹਨ |
ਵਿਸ਼ੇ-ਵਸਤੂ ਅਧਾਰ ‘ਤੇ ਇਸ ਹਿੱਸੇ ਵਿੱਚ ਇਸ ਪੂਰਨ ਕਾਵਿ-ਇਕਾਈ ਦੀ ਭੂਮਿਕਾ ਜਾਂ ਮਜ਼ਮੂਨ ਦਾ ਵੇਰਵਾ ਹੁੰਦਾ ਹੈ, ਇਹਨਾਂ ਸਤਰਾਂ ਨੂੰ ਪੜ੍ਹ ਕੇ ਪਾਠਕ ਨੂੰ ਪਤਾ ਲੱਗ ਜਾਂਦਾ ਹੈ ਕਿ ਪੂਰੇ ਛੰਦ ਵਿੱਚ ਕੀ ਗੱਲ ਕੀਤੀ ਗਈ ਹੈ |
੨. ਦ੍ਰਿਸ਼ ਚਿਤਰਣ / ਵਿਸਥਾਰ :
ਇਹ ਹਿੰਡੋਲੇ ਦਾ ਦੂਸਰਾ ਹਿੱਸਾ ਹੈ | ਇਹ ਤਿੰਨ ਸਤਰਾਂ ਵਿੱਚ ਲਿਖਿਆ ਜਾਂਦਾ ਹੈ | ਇਹ ਸਤਰਾਂ ਪੰਜ-ਸੱਤ-ਪੰਜ (5-7-5) ਦੇ ਤਾਲ ਨਿਯਮ ਵਿੱਚ ਚਲਦੀਆਂ ਹਨ | ਇਹਨਾਂ ਸਤਰਾਂ ਦੇ ਤੁਕਾਂਤ ਆਪਸ ਵਿੱਚ ਨਾ ਮਿਲ ਕੇ ਇੱਕ ਨਿੱਕੀ ਖੁੱਲੀ ਕਵਿਤਾ ਵਜੋਂ ਹਸਤੀ ਰੱਖਦੇ ਹਨ |
ਜੇ ਵਿਸ਼ੇ ਵਸਤੂ ਨੂੰ ਦੇਖਿਆ ਜਾਵੇ ਤਾਂ ਇਸ ਹਿੱਸੇ ਵਿੱਚੇ ਪਹਿਲੇ ਭਾਗ (ਭੂਮਿਕਾ / ਮਜ਼ਮੂਨ) ਵਿੱਚ ਵਰਣਿਤ ਵਿਸ਼ੇ ਦਾ ਅੱਗੇ ਵਿਸਥਾਰਿਤ ਦ੍ਰਿਸ਼ ਚਿਤਰਣ ਕੀਤਾ ਗਿਆ ਹੁੰਦਾ ਹੈ | ਇਹ ਹਿੱਸਾ ਇੱਕ ਖਾਸ ਦ੍ਰਿਸ਼-ਵਿਸ਼ੇਸ਼ (ਤਸਵੀਰ) ‘ਤੇ ਆਧਾਰਿਤ ਹੁੰਦਾ ਹੈ |
੩. ਸਾਰ / ਫਲਸਫਾ :
ਇਹ ਹਿੰਡੋਲੇ ਦਾ ਤੀਸਰਾ ਹਿੱਸਾ ਹੈ | ਇਸ ਦਾ ਕਾਵ-ਰੂਪ ਪਹਿਲੇ ਹਿੱਸੇ (ਭੂਮਿਕਾ / ਮਜ਼ਮੂਨ) ਵਰਗਾ ਹੀ ਹੈ | ਇਹ ਵੀ ਦੋ ਸਤਰਾਂ ਵਿੱਚ ਲਿਖਿਆ ਜਾਂਦਾ ਹੈ ਅਤੇ ਦੋਨਾਂ ਸਤਰਾਂ ਵਿੱਚ ਸੱਤ (7) ਹੀ ਤਾਲਾਂ ਹੁੰਦੀਆਂ ਹਨ | ਦੋਹਾਂ ਸਤਰਾਂ ਦੇ ਤੁਕਾਂਤ ਆਪਸ ਵਿੱਚ ਮਿਲਣੇ ਜ਼ਰੂਰੀ ਹਨ |
ਇਸ ਹਿੱਸੇ ਦਾ ਵਿਸ਼ਾ ਪੂਰੀ ਉਪਰੋਕਤ ਦੋਹਾਂ ਭਾਗਾਂ ਵਿੱਚ ਪ੍ਰਗਟਾਈ ਗਈ ਕਾਵਿਕ ਵਿਚਾਰ ਦਾ ਸਾਰਾਤਮਕ ਜਾਂ ਫਲਸੂਈ ਅੰਤ ਹੈ | ਪੂਰੀ ਕਾਵਿਕ-ਇਕਾਈ ਦੀ ਸਭ ਤੋਂ ਡੂੰਘੀ ਵਿਚਾਰ ਇਸੇ ਭਾਗ ਵਿੱਚ ਆਖੀ ਜਾਂਦੀ ਹੈ |
ਨਾਮਕਰਣ:
ਹਿੰਡੋਲੇ ਦਾ ਨਾਮਕਰਣ ਇਸਦੀ ਤਾਲ ਦੀ ਵਰਣਿਤ ਚਾਲ ‘ਤੇ ਹੀ ਕੀਤਾ ਗਿਆ ਹੈ | ਇਸਦੀਆਂ ਸਾਰੀਆਂ ਹੀ ਸੱਤਰਾਂ ਲੰਮੇ ਜਾਂ ਛੋਟੇ ਤਾਲ-ਸਮੂੰਹ ਵਿੱਚ ਵਾਰ-੨ ਹਿੰਡੋਲੇ ਖਾਉਂਦੀਆਂ ਰਹਿੰਦੀਆਂ ਹਨ, ਸੋ ਹਿੰਡੋਲਾ ਨਾਮ ਪ੍ਰਯੁਕਤ ਹੋਇਆ ਹੈ |
ਉਦਾਹਰਣ (ਹਿੰਡੋਲਾ):
ਹਿੰਡੋਲੇ ਦੀ ਉਪਰੋਕਤ ਵਰਣਿਤ ਸਾਰੀ ਨਿਯਮ ਪ੍ਰਣਾਲੀ ਨੂੰ ਬੜ੍ਹੀ ਅਸਾਨੀ ਨਾਲ ਹੇਠਲੇ ਉਧਾਰਣ ਨੂੰ ਪੜ੍ਹ ਕੇ ਅਤੇ ਨਾਲੋ-ਨਾਲ ਨਿਯਮਾਂ ਨੂੰ ਜੋੜ ਕੇ ਸੌਖਿਆਂ ਸਮਝਿਆ ਜਾ ਸਕਦਾ ਹੈ:
ਵਿਲਕਦੇ ਨੇ ਬਾਲ,
ਹੋਏ ਹਾਲੋਂ ਬੇਹਾਲ | ... (ਭੂਮਿਕਾ / ਮਜ਼ਮੂਨ)
ਭੁੱਖਾ ਮਜ਼ੂਰ,
ਸਾਝਰੇ ਹੀ ਨਿਕਲੇ,
ਰੋਟੀ ਦੀ ਭਾਲ | ... (ਦ੍ਰਿਸ਼ ਚਿਤਰਣ / ਵਿਸਥਾਰ)
ਧਰਮਾਂ ਤੋਂ ਬਾਹਰ,
ਕਿਰਤੀ ਦਾ ਆਹਰ | ... (ਸਾਰ / ਫਲਸਫਾ)
ਸਾਰ:
ਅੰਤ ਵਿੱਚ ਸਾਰ ਵਜੋਂ ਕਿਹਾ ਜਾਵੇ ਤਾਂ ਹਿੰਡੋਲੇ ਕਾਵਿਕ-ਛੰਦ ਤੁਕਾਂਤਕ ਅਤੇ ਖੁੱਲ੍ਹੀ ਕਾਵਿਕ-ਸ਼ੈਲੀ ਦਾ ਇੱਕ ਸੁੰਦਰ ਅਤੇ ਲੈਅ-ਬੱਧ ਸੁਮੇਲ ਹੈ, ਜਿਸ ਵਿੱਚ ਹਰ ਸਤਰ ਆਪਣੀ ਲੈਬੱਧਤਾ ਵਿੱਚ ਹਿੰਡੋਲੇ ਖਾਉਂਦੀ ਇੱਕ ਵੱਖਰੀ ਕਾਵਿਕ ਛਟਾ ਬਿਖੇਰਦੀ ਹੈ | ਇਸ ਵਿਧਾ ਵਿੱਚ ਅਧਿਆਤਮ ਦੇ ਗੂੜ੍ਹ ਸਿਧਾਂਤਾਂ ਦੇ ਨਾਲ-੨ ਮਨੁੱਖੀ ਸਮਾਜ ਅਤੇ ਉਸਦੇ ਆਲੇ-ਦੁਆਲੇ ਦੇ ਆਮ ਜੀਵਨ ਦੀਆਂ ਘਟਨਾਵਾਂ ਦੇ ਚਿਤਰਣ ਅਤੇ ਉਹਨਾਂ ਵਿੱਚਲੇ ਫਲਸਫੇ ਨੂੰ ਪ੍ਰਗਟ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ |
-੦-੦-੦-