Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Saturday, November 23, 2013

ਘੁੰਮਣਘੇਰੀ / گھمنگھیری

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਫ਼ਤਾ ਰਫ਼ਤਾ ਕਿਰ ਰਿਹਾ ਹਾਂ
ਹਰ ਦਮ ਗ਼ਮ ਜਿਰ ਰਿਹਾ ਹਾਂ

ਧਸਿਆ ਹਾਂ ਦਲਦਲ ‘ਚ ਇੱਦਾਂ
ਉੱਠਦਾ ਉੱਠਦਾ ਗਿਰ ਰਿਹਾ ਹਾਂ

ਤ੍ਰਿਪ ਤ੍ਰਿਪ ਵਹੇ ਨੀਰ ਦਾ ਸੋਮਾ
ਘਟਾ ਕਾਲੀਆਂ ਘਿਰ ਰਿਹਾ ਹਾਂ

ਮੈਂ ਹੀ ਤਾਂ ਖੰਜਰ ਮੈਂ ਹੀ ਦਿੱਲ ਹਾਂ
ਪਲ ਪਲ ਮੈਂ ਹੀ ਚਿਰ ਰਿਹਾ ਹਾਂ

ਠੰਡਾ ਸੂਰਜ ਸਰਦ ਧੁੱਪ ਹੈ
ਤਪਸ਼ ਹੈ ਕੇਹੀ ਠਿਰ ਰਿਹਾ ਹਾਂ

ਘੁੰਮਣਘੇਰੀ ਗੁੱਝੀ ਹੈ ਗਹਿਰੀ
ਤਿਉਂ ਡੁੱਬਾਂ ਜਿਉਂ ਤਿਰ ਰਿਹਾ ਹਾਂ

ਪੰਕਿ ਕੰਵਲ ਬਣਨਾ ਹੈ ਔਖਾ
ਆਪੇ ਤੋਂ ਆਪ ਜੁ ਫਿਰ ਰਿਹਾ ਹਾਂ

~0~0~0~0~

- پروفیسر کولدیپ سنگھ کنول

رفتہ رفتہ کر رہا ہاں
ہر دم غم جر رہا ہاں

دھسیا ہاں دلدل ‘چ اداں
اٹھدا اٹھدا گر رہا ہاں

ترپ ترپ وہے نیر دا سوما
گھٹا کالیاں گھر رہا ہاں

میں ہی تاں خنجر میں ہی دلّ ہاں
پل پل میں ہی چر رہا ہاں

ٹھنڈا سورج سرد دھپّ ہے
تپش ہے کیہی ٹھر رہا ہاں

گھمنگھیری گجھی ہے گہری
تؤں ڈباں جیوں تر رہا ہاں

پنکِ کنول بننا ہے اوکھا
آپے توں آپ جو پھر رہا ہاں

Tuesday, November 12, 2013

ਕੁਥਰੇ ਸੁਥਰ / کتھرے ستھر

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਟੁੱਟੇ ਕੱਚ ਦਾ ਸੁੱਟਣਾ ਚੰਗਾ ਹੱਥ ਵੱਢਦਾ ਹੱਥ ਜੋ ਲਾਵੇ
ਏਸੇ ਤਰ੍ਹਾਂ ਕੁੱਝ ਟੁੱਟੇ ਰਿਸ਼ਤੇ ਬਸ ਸੁੱਟਣ ਜੋਗ ਰਹੰਦੇ

ਦਾਲ ਦੇ ਰੋੜੇ ਕੱਢੀਏ ਨਾ ਜੇ ਮੂੰਹ ਆਏ ਕਿਰਚ ਹੀ ਆਵੇ
ਮੇਲ ਬਰਾਬਰ ਹੋਵਣ ਤੇ ਫ਼ਲਦੇ ਨਾ ਬੇਮੇਲੇ ਕਦੇ ਸੋਹੰਦੇ

ਅੱਠੇਂ ਪਹਿਰ ਰਹੇ ਵਿੱਸ ਘੁੱਲਦਾ ਕਦੇ ਨਾ ਸਾਥ ਸੁਹਾਵੇ
ਰਹੇ ਵਿਸ਼ਵਾਸ ਪਿਆਰ ਨਾ ਜਿੱਥੇ ਉਹ ਘਰ ਤਿੜ ਢਹੰਦੇ

ਜਾਂ ਫ਼ਲ ਦੇਵੇ ਜਾਂ ਛਾਂ ਦੇਵੇ ਠੰਡੀ ਮਾਣ ਓਹੀ ਰੁੱਖ ਪਾਵੇ
ਬਿਨ-ਛਾਵੇਂ ਬਿਨ-ਫ਼ਲ ਦਿਓਂ ਚੁੱਭਦੇ ਕੰਡੇ ਬਣ ਬਹੰਦੇ

ਪਲਾਂ ਦੀ ਗ਼ਲਤੀ ਰੁਲੇ ਜ਼ਿੰਦਗੀ ਪੱਲੇ ਰਹਿਣ ਪਛਤਾਵੇ
ਨਾਂ ਦਾ ਜੋੜ ਇਤਫ਼ਾਕ ਨਾ ਹੋਵੇ ਜਾਣ ਬੁੱਝ ਖੂਹ ਡਿਗੰਦੇ

ਅੰਦਰ ਕੁਥਰੇ ਸੜਿਆਂਦ ਭਰੀ ਬਾਹਰ ਸੁਥਰ ਬਣੰਦੇ
ਕ਼ਿਰਦਾਰ ਦੇ ਪੂਰੇ ਨਾ ਕਦੇ ਜਾਣੋ ਕਰ ਹੋਰ ਹੋਰ ਕਹੰਦੇ

~0~0~0~0~

- پروفیسر کولدیپ سنگھ کنول

ٹٹے کچّ دا سٹنا چنگا ہتھ وڈھدا ہتھ جو لاوے
ایسے طرحاں کجھ ٹٹے رشتے بس سٹن جوگ رہندے

دال دے روڑے کڈھیئے نہ جے منہ آئے کرچ ہی آوے
میل برابر ہوون تے فلدے نہ بیمیلے کدے سوہندے

اٹھیں پہر رہے وسّ گھلدا کدے نہ ساتھ سہاوے
رہے وشواس پیار نہ جتھے اوہ گھر تڑ ڈھہندے

جاں فل دیوے جاں چھاں دیوے ٹھنڈی مان اوہی رکھ پاوے
بن-چھاویں بن-فل دیوں چبھدے کنڈے بن بہندے

پلاں دی غلطی رلے زندگی پلے رہن پچھتاوے
ناں دا جوڑ اتفاق نہ ہووے جان بجھّ کھوہ ڈگندے

اندر کتھرے سڑیاند بھری باہر ستھر بنندے
کردار دے پورے نہ کدے جانو کر ہور ہور کہندے

Saturday, November 9, 2013

ਪੱਥਰ ਸੋਚ / پتھر سوچ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਾਹ ਰੁਲਦਾ ਕੋਈ ਪੱਥਰ ਚੱਕ ਕੇ
ਰੱਬ ਆਖ ਲੁੱਟ ਮਚਾਵੇਂ
ਪਰ ਪੱਥਰ ਜੇ ਪੱਥਰ ਆਖਾਂ
ਕਿਉਂ ਤੇਰੀ ਹੋਂਦ ਹਿੱਲ ਜਾਵੇ

ਇੱਕ ਸਿਰ ਰਗੜੇਂ ਇੱਕ ਪੈਰ ਲਿਤਾੜੇਂ
ਕਿਉਂ ਰਲਵੀਂ ਬਾਬ ਬਣਾਈ
ਸਿਰ ਹੇਠਾਂ ਚੱਕ ਪੈਰ ਤੁਰ ਪਏਂ
ਨਾ ਹੋਵੇ ਇੰਝ ਰੁਸਵਾਈ

ਜਿਤ ਇਹ ਘੜ੍ਹਿਆ ਜੇ ਉਹ ਸ਼ੂਦਰ
ਰੋੜਾ ਕਿਤ ਰੱਬ ਹੋਇਆ
ਜਿਉਂਦੇ ਲਈ ਨਾ ਜੁੜਦਾ ਪਾਣੀ
ਇਹਨੂੰ ਦੁੱਧ ਨਾਲ ਧੋਇਆ

ਰੋਜ਼ ਨਵੇਂ ਜਿਹੇ ਗੀਟੇ ਪੱਥਰ
ਜੜ ਲਾਕਟ ਮੁੰਦੀਆਂ ਵੇਚੇਂ
ਹਰ ਮਾਪ ਦਾ ਪਖੰਡ ਤੂੰ ਵੱਖਰਾ
ਲੈ ਲੈ ਘੜ੍ਹੇ ਨਿੱਤ ਮੇਚੇ

ਤੂੰ ਭਰਮਾਂ ਦੀਆਂ ਖੋਲ੍ਹ ਦੁਕਾਨਾਂ
ਜਗਤ ਨੂੰ ਠੱਗਦਾ ਜਾਵੇਂ
ਸੱਚ ਨੂੰ ਜੇਕਰ ਸੱਚ ਕੋਈ ਆਖੇ
ਡੰਗਣ ਦੀ ਕਲਾ ਵਰਤਾਵੇਂ

ਪਖੰਡ ਬਣਾ ਕੇ ਕੂੜ੍ਹ ਦਾ ਹਾਣੀ
ਤਰਕ ਦਾ ਗਲਾ ਦਬਾਵੇਂ
ਭਾਂਡਾ ਤੇਰਾ ਚੁਰਾਹੇ ਜਿ ਭੱਜੇ
ਸ਼ਰਧਾ ਦਾ ਰੌਲਾ ਪਾਵੇਂ

ਤੇਰੀ ਸੋਚ ਹੈ ਰੇਤ ਦੀ ਢੇਰੀ
ਅੱਜ ਵਹਿਣਾ ਕੱਲ ਵਹਿਣਾ
ਗਿਆਨ ਹਨੇਰੀ ਐਸੀ ਚੱਲਣੀ
ਓਏ ਤੇਰਾ ਕੱਖ ਨਾ ਰਹਿਣਾ

~0~0~0~0~

- پروفیسر کولدیپ سنگھ کنول

راہ رلدا کوئی پتھر چکّ کے
ربّ آکھ لٹّ مچاویں
پر پتھر جے پتھر آکھاں
کیوں تیری ہوند ہلّ جاوے

اک سر رگڑیں اک پیر لتاڑیں
کیوں رلویں باب بنائی
سر ہیٹھاں چکّ پیر تر پئیں
نہ ہووے انجھ رسوائی

جت ایہہ گھڑھیا جے اوہ شودر
روڑا کت ربّ ہویا
جؤندے لئی نہ جڑدا پانی
ایہنوں دودھ نال دھویا

روز نویں جہے گیٹے پتھر
جڑ لاکٹ مندیاں ویچیں
ہر ماپ دا پکھنڈ توں وکھرا
لے لے گھڑھے نت میچے

توں بھرماں دیاں کھولھ دوکاناں
جگت نوں ٹھگدا جاویں
سچ نوں جیکر سچ کوئی آکھے
ڈنگن دی کلا ورتاویں

پکھنڈ بنا کے کوڑھ دا ہانی
ترک دا گلا دباویں
بھانڈا تیرا چراہے جِ بھجے
شردھا دا رولا پاویں

تیری سوچ ہے ریت دی ڈھیری
اج وہنا کلّ وہنا
گیان ہنیری ایسی چلنی
اوئے تیرا ککھّ نہ رہنا

Thursday, November 7, 2013

ਅੱਗ / اگّ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਇੱਕ ਅੱਗ ਨਿਗਲਾਂ, ਇੱਕ ਅੱਗ ਉਗਲਾਂ, ਪਹਿਨਾ ਵਸਤਰ ਅੱਗ ਦੇ
ਹਰ ਅਹਿਸਾਸ, ਮੈਨੂੰ ਜ਼ਿੰਦਗੀ ਤੇਰੇ, ਬਸ ਵਾਂਗ ਅੱਗ ਜਿਹੇ ਲੱਗ ਦੇ

ਇੱਕ ਅੱਗ ਢਿੱਡ ਦੇ ਅੰਦਰ ਬਲਦੀ, ਇੱਕ ਬਲਦੀ ਏ ਗਿੱਠ ਕੁ ਹੇਠਾਂ
ਦੋਹਾਂ ਅੱਗਾਂ ਦੀ, ਹੈ ਖੇਡ ਇਹ ਸਾਰੀ, ਵਿੱਚ ਭੁੱਜਣ ਜੀਵ ਇਸ ਜੱਗ ਦੇ

ਹਰ ਪਲ ਹਿਰਦੇ, ਬਲਦੀ ਜੋ ਭਾਂਬੜ, ਹੈ ਸਾਰੀ ਇਹੋ ਰਾਖ਼ ਦਾ ਸੋਮਾ
ਇਹਨੂੰ ਜੋ ਸਾੜੇ, ਓਹਨੂੰ ਵੀ ਸਾੜੇ, ਪਰ ਪਹਿਲੋਂ ਸਾੜੇ ਆਪਾ ਸਭ ਦੇ

ਅੱਗ ਅੰਨ੍ਹੀ ਸ਼ਰਧਾ ਇਓਂ ਮੱਚਦੀ, ਅਕਲ ਨੂੰ ਲਾਂਬੂ ਸਿਰੇ ਤੋਂ ਲਾ ਕੇ
ਹੋਮ ਏਸ ਵਿੱਚ, ਕਰਨ ਉਹ ਪੁਸ਼ਤਾਂ, ਇਸ ਨੇੜ ਰਤਾ ਜੋ ਲੱਗ ਦੇ

ਇੱਕ ਅੱਗ ਮਜ਼ਹਬ ਪਹਿਨ ਕੇ ਫਿਰਦੀ, ਲਾ ਮੰਦਰ ਮਸੀਤੀਂ ਡੇਰੇ
ਬੰਦਾ ਬੰਦਿਓਂ ਧੁਰ ਫ਼ੂਕ ਮੁਕਾਵੇ, ਵੱਡੀ ਬਣ ਬਹੀਓਂ ਇਹ ਰੱਬ ਦੇ

ਦਮ ਦਮ ਮੱਘਦੀ ਅੱਗ ਪ੍ਰੀਤ ਅਵੱਲੀ, ਜਿਤ ਨਿੱਘ ਇਲਾਹੀ ਆਵੇ
ਰਵ੍ਹੇ ਮਹਿਫੂਜ਼ ਹਰ ਅੱਗ ਤੋਂ ਉਹ ਜੋ, ਬਲੇ ਵਿੱਚ ਇਸ ਅੱਗ ਦੇ

ਅੱਗ ਤਾਂ ਮੁੱਢ ਤੋਂ, ਇਓਂ ਨਾਲ ਤੁਰੀ ਹੈ, ਤਕ ਅੰਤ ਨਾਲ ਇਹ ਜਾਵੇ
ਅੱਗ ਦਾ ਜਾਇਆ, ਕੰਵਲ ਹੈ ਤਨ ਇਹ, ਮਿਲਣਾ ਵਿੱਚ ਇਸ ਅੱਗ ਦੇ

~0~0~0~0~

- پروفیسر کولدیپ سنگھ کنول

اک اگّ نگلاں، اک اگّ اگلاں، پہنا وستر اگّ دے
ہر احساس، مینوں زندگی تیرے، بس وانگ اگّ جہے لگّ دے

اک اگّ ڈھڈّ دے اندر بلدی، اک بلدی اے گٹھّ کو ہیٹھاں
دوہاں اگاں دی، ہے کھیڈ ایہہ ساری، وچّ بھجن جیو اس جگّ دے

ہر پل ہردے، بلدی جو بھامبڑ، ہے ساری ایہو راخ دا سوما
ایہنوں جو ساڑے، اوہنوں وی ساڑے، پر پہلوں ساڑے آپا سبھ دے

اگّ انی شردھا اؤں مچدی، عقل نوں لامبو سرے توں لا کے
ہوم ایس وچّ، کرن اوہ پشتاں، اس نیڑ رتا جو لگّ دے

اک اگّ مذہب پہن کے پھردی، لا مندر مسیتیں ڈیرے
بندہ بندیوں دھر فوق مکاوے، وڈی بن بہیؤں ایہہ ربّ دے

دم دم مگھدی اگّ پریت اولی، جت نگھّ الٰہی آوے
روھے محفوض ہر اگّ توں اوہ جو، بلے وچّ اس اگّ دے

اگّ تاں مڈھ توں، اؤں نال تری ہے، تک انت نال ایہہ جاوے
اگّ دا جایا، کنول ہے تن ایہہ، ملنا وچّ اس اگّ دے

Saturday, November 2, 2013

ਕੁਝ ਜਾਗਦੇ ਸਵਾਲ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਆਖ਼ਰ ਗਾਤਰਾ
ਖੰਡਾ ਤੇ ਝੰਡਾ ਹੀ
ਕਿਉਂ ਹਰ ਵਾਰ
ਸ਼ਿਕਾਰ ਹੁੰਦਾ ਹੈ
ਇਹਨਾਂ ਦੀ
ਨਫ਼ਰਤ ਰੱਤੀ
ਕਲਮ-ਨੋਕ ਦਾ ?

ਕਿਉਂ ਹਰ ਸਤਰ
ਹਰ ਸੁਫ਼ਨੇ
ਭਾਲਦੇ ਨੇ ਇਹ
ਪ੍ਰਤੀਕ
ਬਿਨਾ ਗਾਤਰੇ ਤੋਂ
ਖੰਡੇ ਤੋ
ਝੰਡੇ ਤੋ ?

ਕਿਉਂ ਨਹੀਂ ਕਦੇ
ਇਹਨਾਂ ਦੇ ਸੁਫ਼ਨੇ
ਕੋਈ ਕਲਪਨਾ ਕਰ ਸਕਦੇ
ਬਿਨਾਂ ਤਿਲਕ
ਬਿਨਾਂ ਜੰਝੂ
ਤ੍ਰਿਸ਼ੂਲ-ਵਹੀਣ
ਤੇ ਬਿਨਾਂ ਬੰਸਰੀ ਤੇ ਧਨੁੱਖ ਵਾਲੇ
ਜਾਂ ਫ਼ੇਰ ਕਿਸੇ
ਬਿਨ-ਖਤਨੇ ਵਾਲੇ ਦੀ ?

ਸਿੱਖੀ ਦੇ ਨਿਸ਼ਾਨ ਹੀ
ਕਿਉਂ ਹਰ ਵਾਰ
ਢਿੱਡ ਵਿੱਚ
ਸੂਲਾਂ ਵਾਂਗ ਵੱਜਦੇ
ਇਹਨਾਂ ਨਕਲੀ ਕਾਮਰੇਡਾਂ ਨੂੰ
ਸੁੱਤਿਆਂ ਹੋਇਆਂ ਵੀ ?

ਕਿਉਂ ਨਹੀਂ ਲੈਨਿਨ ਜਾਂ ਮਾਰਕਸ
ਬਿਨਾਂ ਤਲਵਾਰਾਂ
ਜਾਂ ਬਿਨ ਬੰਦੂਕਾਂ ਦੇ ਦਿਸਦਾ 
ਤੇ ਮਾਓ ਕਦੇ ਵੀ
ਬਿਨਾਂ ਤੋਪਾਂ ਤੇ ਗੋਲਿਆਂ
ਸੁਪਨੇ ਵਿੱਚ
ਨਹੀਂ ਆਉਂਦਾ ?

"ਤਿਨਾਮਨ ਸਕੇਅਰ" ਦਾ ਕਤਲੇਆਮ
ਤੇ ਹੋਰ ਅਜਿਹੇ ਹਜ਼ਾਰਾਂ
ਕਿਉਂ ਜੁਲਾਬ ਲਾ ਜਾਂਦੇ ਨੇ
ਹਰ ਵਾਰ
ਇਹਨਾਂ ਦੀ ਚੇਤਨਾ ਨੂੰ  ?

ਅਸਲੀ ਕਾਮਰੇਡ ਤਾਂ
ਕਿਸੇ ਦੰਤੇਵਾੜਾ ਦੇ ਜੰਗਲ ਵਿੱਚ
ਪਲ ਪਲ
ਦੋ ਚਾਰ ਹੋ ਰਿਹਾ ਹੋਵੇਗਾ
ਹਕੂਮਤ ਦੀ
ਅਣਰੁੱਕ ਚਲਦੀ
ਗੋਲੀ ਨਾਲ;
ਤੇ ਇਹ ਨਕਲੀ ਕਾਮਰੇਡ
ਹਮੇਸ਼ਾ ਹੀ ਕਿਉਂ
ਸਥਾਪਤੀ ਦੇ ਹਕ ਵਿੱਚ ਭੁਗਤ
ਸੁਪਨ-ਦੋਸ਼ ਦਾ
ਸ਼ਿਕਾਰ ਹੋਏ ਬੈਠੇ ਹਨ ?

Comments

.