Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Showing posts with label کوتا. Show all posts
Showing posts with label کوتا. Show all posts

Thursday, February 27, 2014

ਚਾਰ ਕੁ ਮੋਢੇ / چار کو موڈھے

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ 

ਚਾਰ ਕੁ ਮੋਢੇ ਖਾਤਰ ਕੰਵਲ ਜੇ ਡੋਲ ਗਿਆ
ਸੱਚ ਜਾਣੀ ਪੱਗ ਆਪਣੀ ਜੱਗ ਤੂੰ ਰੋਲ ਗਿਆ
 
ਮੋਢੇ ਖੁਣੋਂ ਨਾ ਥੁੜ੍ਹਦਾ ਸਭ ਨੂੰ ਹੀ ਮਿਲ ਜਾਂਦਾ
ਪਰ ਜੇ ਮੋਏ ਜ਼ਮੀਰ ਨਾ ਕੱਖ ਵੀ ਕੋਲ ਰਿਹਾ
 
ਅੱਖੀਂ ਤੂੰ ਵੇਖ ਗੁਨਾਹ ਭੀ ਦੜ੍ਹ ਜੇ ਵੱਟ ਰੱਖੀ
ਧਰਤੀ ਬਸ ਭਾਰ ਵਧਾਵੇਂ ਜਿਉਂਦੇ ਕੀ ਪਿਆ
 
ਕੱਲ ਉਹ ਅੱਜ ਹੋਰ ਭਲਕ ਤੇਰੀ ਆਉਣੀ
ਕਿਸ ਫ਼ਿਰ ਤੇਰੇ ਰੋਣਾ ਜਦ ਸਿਰ ਆਣ ਪਿਆ
 
ਸੱਚ ਤੇ ਝੂਠ ਦਾ ਜੰਗ ਜੇ ਨਿਰਪੇਖ ਹੋਇਓਂ
ਹਨੇਰ੍ਹੇ ਹੋਣਾ ਸ਼ੁਮਾਰ ਤਾਰੀਖ਼ ਜੇ ਨਾਂਓ ਲਿਆ
 
ਇਸ਼ਕ ਕਸੀਦੇ ਮੁੱਕਣੇ ਸਭ ਨੇ ਚਾਰ ਦਿਨੀਂ
ਹੱਕ ਦੇ ਬੋਲਾਂ ਰਹਿਣਾ ਸੱਚ ਜੇ ਕਲਮ ਕਿਹਾ
 
ਲਾਸ਼ ਦੇ ਰੁਲਣੋਂ ਡਰ ਕੇ ਨਾ ਬਣ ਲਾਸ਼ ਰਹੀਂ
ਸੱਚ ਲੇਖੇ ਲੱਗੇ ਜਾਨ ਹੈ ਜਿਉਂਣਾ ਥਾਓਂ ਪਿਆ

~0~0~0~

- پروفیسر کولدیپ سنگھ کنول

چار کو موڈھے خاطر کنول جے ڈول گیا
سچ جانی پگّ اپنی جگّ توں رول گیا
 
موڈھے کھنوں نہ تھڑھدا سبھ نوں ہی مل جاندا
پر جے موئے ضمیر نہ ککھّ وی کول رہا
 
اکھیں توں ویکھ گناہ بھی دڑھ جے وٹّ رکھی
دھرتی بس بھار ودھاویں جؤندے کی پیا
 
کلّ اوہ اج ہور بھلک تیری آؤنی
کس پھر تیرے رونا جد سر آن پیا
 
سچ تے جھوٹھ دا جنگ جے نرپیکھ ہوئیوں
ہنیرھے ہونا شمار تاریخ جے نانؤ لیا
 
عشقَ قصیدے مکنے سبھ نے چار دنیں
حق دے بولاں رہنا سچ جے قلم کیہا
 
لاش دے رلنوں ڈر کے نہ بن لاش رہیں
سچ لیکھے لگے جان ہے جیوننا تھاؤں پیا

Thursday, January 9, 2014

ਮੁਰਦਾ ਖ਼ੂਨ / مردہ خون

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਲਾਹਿਆ ਚੋਰ ਬਿਠਾਇਆ ਠੱਗ
ਚੁੱਪ ਚੁਪੀਤਾ ਬਹਿ ਵੇਖੇ ਜੱਗ

ਕੱਢੀਆਂ ਸ਼ਮਸ਼ੀਰਾਂ ਖੁੱਲ੍ਹੇ ਸਿਰ
ਰੁਲੀ ਵੇਖਦੀ ਗਿਰੀ ਕਿਤ ਪੱਗ

ਮੈਂ ਬੈਠਾਂ ਲੱਤ ਖਿੱਚ ਉਸ ਲਾਹਾਂ
ਰਹੇ ਸਾੜਦੀ ਹਰ ਦਮ ਅੱਗ

ਹਉਂ ਦਾ ਖ਼ੂਬ ਫੁਲੇ ਬੁਲਬੁਲਾ
ਪਲ ਭਰ ਪਿਛੋਂ ਹਵਾ ਹੈ ਝੱਗ

ਲੱਖ ਵੇਸ ਲੱਖ ਧਰਮੀ ਬਾਣੇ
ਭਲਾ ਹੰਸ ਕਦੇ ਬਣਦਾ ਬੱਗ

ਗੰਦ ਸੀ ਖਾਂਦਾ ਗੰਦ ਚੱਟ ਖਾਊ
ਤਖ਼ਤ ਬਿਠਾਇਆ ਭਾਵੇਂ ਸਗ

ਲੱਖ ਜਤਨ ਕੰਵਲ ਕਰ ਹਾਰੋ
ਮੁਰਦਾ ਖ਼ੂਨ ਨਾ ਵਹਿੰਦਾ ਰੱਗ

~0~0~0~0~ 

- پروفیسر کولدیپ سنگھ کنول

لاہیا چور بٹھایا ٹھگّ
چپّ چپیتا بہہ ویکھے جگّ

کڈھیاں شمشیراں کھلھے سر
رلی ویکھدی گری کت پگّ

میں بیٹھاں لتّ کھچّ اس لاہاں
رہے ساڑدی ہر دم اگّ

ہؤں دا خوب پھلے بلبلا
پل بھر پچھوں ہوا ہے جھگّ

لکھ ویس لکھ دھرمی بانے
بھلا ہنس کدے بندا بگّ

گند سی کھاندا گند چٹّ کھاؤ
تخت بٹھایا بھاویں سگ

لکھ جتن کنول کر ہارو
مردہ خون نہ وہندا رگّ

Tuesday, December 17, 2013

ਸਭ ਗਿਣਤੀ ਮੇਟ ਉਭਾਰਾ / سبھ گنتی میٹ ابھارا

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸਭ ਗਿਣਤੀ ਮੇਟ ਉਭਾਰਾ

- پروفیسر کولدیپ سنگھ کنول

ایکا نور الٰہی سبھنیں، تس انتر نہ کو باہرا ... ہو
دوجے بھاؤ لاگ گوایا، ہر دم بھٹکنہارا ... ہو
تیا کنتے مندھ جِ آیا، وچھڑیا تڑھفنہارا ... ہو
چارے بید کتیباں کھپیا، لبھّ لبھّ بھیا خوارا ... ہو
پنجیں چور لٹن تن نوں، وسّ ڈاڈھیاں آن وکارا ... ہو
چھ مارگ چھیاں کڑھیارا، کوؤُ ورلا بوجھنہارا ... ہو
ستّ سمندے کوٹاں گہرا، ون شہہ نہ پار اتارا ... ہو
اٹھ سٹھاں ‘تے رولی آرج، من میلے نہ دھوونہارا ... ہو
نوں دوارے کپھکڑ لگا، آواگون نہیں نستارا ... ہو
دسواں گیان دوارا لدھا، سبھ گنتی میٹ ابھارا ... ہو

-0-0-0-0-

Monday, December 16, 2013

ਰੂਹਾਨੀਅਤ / روحانیت

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰੂਹਾਨੀਅਤ,
ਸ਼ਬਦਜਾਲ ਦੀ ਜੁਗਾਲੀ ਨਹੀਂ
ਪਰਮ ਸਰਲਤਾ ਨੂੰ
ਪੂਰਨ ਸਵੈ-ਸਮਰਪਣ ਹੈ;
ਹੂ ਦਾ ਅਨਾਹਤ ਨਾਦ
ਮਣਾਂ ਦੇ ਵੇਦ-ਭਾਰ ਨੂੰ
ਪਲਾਂ ਵਿੱਚ ਹੋਮ ਕਰ
ਵਿਸਮਾਦ ਦੇ ਅਨੰਦ ਨੂੰ
ਸਮੌਣ ਲਈ
ਇਕਦਮ ਨਕੋਰ
ਸਮੁੱਚਾ ਖਾਲ੍ਹੀ
ਕਰ ਜਾਂਦਾ ਹੈ,
ਅਨੰਤ ਖਲਾਅ ਦੀ
ਗਹਿਰਾਈ ਵਾਂਗ ...

~0~0~0~0~

- پروفیسر کولدیپ سنگھ کنول

روحانیت،
شبدجال دی جگالی نہیں
پرم سرلتا نوں
پورن سوے-سمرپن ہے؛
ہو دا اناہت ناد
مناں دے وید-بھار نوں
پلاں وچّ ہوم کر
وسماد دے انند نوں
سمون لئی
اک دم نکور
سمچا کھالھی
کر جاندا ہے،
اننت خلاء دی
گہرائی وانگ ...

Saturday, December 14, 2013

ਇੱਕ ਹੂਕ ... ਹੂ / اک ہوک ... ہو

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ / - پروفیسر کولدیپ سنگھ کنول

ਇੱਕ ਹੂਕ ... ਹੂ

روح نوں ٹمبدی روحوں نکلی، جتھے وسدا میرا سائیں ... ہو
سوہنے سجن پریت تساں دی، دم دم آن وسائی ... ہو

اگّ تپائی گھڑھ مٹی پانی، فوں ہوا خلاء ٹکائی ... ہو
روح رمی تے کھڑی ہے ہستی، روح تریاں ڈھیری ڈھائی ... ہو

تدھ وچھڑی انگ انگ کمبے، ہزراں دے رات لنگھائی ... ہو
تیری جھلک اندروں لشکی، وصلاں وچّ رشنائی ... ہو

جت کت ویکھاں پریتم وسے، ہؤں رہی پردہ پائی ... ہو
کھالھی بھانڈے وچّ میں میں کھڑکے، بھر بندگی میں مٹائی ... ہو

ملک دنی وی بن جے بھلاں، وچّ کیٹاں گنتی پائی ... ہو
یار دے در جے ہوواں جا گولی، پھر خاکوں پاک رہائی ... ہو

جت ویسے میرا سہُ نہ لدھے، ات ویساں مار وگاہی ... ہو
دین تماشے سبھ تج نچاں، وسے چتّ نام الٰہی ... ہو

میری ہوند نہیں تدھ باجھوں، تدھ رم ہوند مٹائی ... ہو
کنول بوند ملاں جا ساگر، ہوک ایہہ روح نے گائی ... ہو

Wednesday, December 11, 2013

ਜ਼ਿੰਦਾ ਜ਼ਮੀਰ / زندہ ضمیر

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਚਮਕੇ ਵਿੱਚ ਇਤਿਹਾਸ ਦੇ ਕੌਮ ਤਾਂ ਹੀ 
ਕੁਰਬਾਨੀ ਬਣੀ ਜੇ ਤਾਸੀਰ ਹੋਵੇ

ਰਾਹੇ ਅਮਨ ‘ਤੇ ਨਿਸ਼ਾਨ ਬੁਲੰਦ ਰੱਖੇ
ਫੜ੍ਹੀ ਹੱਥ ਭਾਵੇਂ ਸ਼ਮਸ਼ੀਰ ਹੋਵੇ

ਲਾ ਕੇ ਸਿਰ ਸਿਰੜ ਨੂੰ ਜੋ ਰੱਖੇ ਕਾਇਮ
ਉੱਚੀ ਸੋਚ ਮੁਕੰਮਲ ਪੀਰ ਹੋਵੇ

ਪਰਖੀ ਜਾਂਦੀ ਏ ਨਸਲ ਜੂਝਾਰੂਆਂ ਦੀ
ਬਣੀ ਜਦੋਂ ਕਦੇ ਸਿਰ ਭੀੜ ਹੋਵੇ

ਸਿਰ ਝੁਕਦਾ ਅੱਗੇ ਹਰ ਬੋਲ ਓਹਦੇ
ਕਹੀ ਜਿਦ੍ਹੀ ਪੱਥਰ ਲਕੀਰ ਹੋਵੇ

ਸਿਰ ਵੱਢਿਆਂ ਵੀ ਓਹੀਓ ਲੜ ਸਕਦਾ
ਸਿਰ ਪੂਰਾ ਜਿਹਦਾ ਸਰੀਰ ਹੋਵੇ

ਸਾਹ ਟੁੱਟਦਾ ਬਚਨ ਪਰ ਟੁੱਟੇ ਨਾਹੀਂ
ਜ਼ਿੰਦਾ ਓਹੀਓ ਬਸ ਜ਼ਮੀਰ ਹੋਵੇ

ਲਹੂ ਓਸੇ ਹੀ ਕੰਵਲ ਤਾਰੀਖ਼ ਬਣਦੀ
ਜਿਸ ਲਹੂ ਸਿਦਕ ਤਾਮੀਰ ਹੋਵੇ

~0~0~0~0~

- پروفیسر کولدیپ سنگھ کنول

چمکے وچّ اتہاس دے قوم تاں ہی 
قربانی بنی جے تاثیر ہووے

راہے امن ‘تے نشان بلند رکھے
پھڑھی ہتھ بھاویں شمشیر ہووے

لا کے سر سرڑ نوں جو رکھے قایم
اچی سوچ مکمل پیر ہووے

پرکھی جاندی اے نسل جوجھاروآں دی
بنی جدوں کدے سر بھیڑ ہووے

سر جھکدا اگے ہر بول اوہدے
کہی جدھی پتھر لکیر ہووے

سر وڈھیاں وی اوہیؤ لڑ سکدا
سر پورا جہدا سریر ہووے

ساہ ٹٹدا بچن پر ٹٹے ناہیں
زندہ اوہیؤ بس ضمیر ہووے

لہو اوسے ہی کنول تاریخ بندی
جس لہو صدق تعمیر ہووے

Saturday, November 23, 2013

ਘੁੰਮਣਘੇਰੀ / گھمنگھیری

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਫ਼ਤਾ ਰਫ਼ਤਾ ਕਿਰ ਰਿਹਾ ਹਾਂ
ਹਰ ਦਮ ਗ਼ਮ ਜਿਰ ਰਿਹਾ ਹਾਂ

ਧਸਿਆ ਹਾਂ ਦਲਦਲ ‘ਚ ਇੱਦਾਂ
ਉੱਠਦਾ ਉੱਠਦਾ ਗਿਰ ਰਿਹਾ ਹਾਂ

ਤ੍ਰਿਪ ਤ੍ਰਿਪ ਵਹੇ ਨੀਰ ਦਾ ਸੋਮਾ
ਘਟਾ ਕਾਲੀਆਂ ਘਿਰ ਰਿਹਾ ਹਾਂ

ਮੈਂ ਹੀ ਤਾਂ ਖੰਜਰ ਮੈਂ ਹੀ ਦਿੱਲ ਹਾਂ
ਪਲ ਪਲ ਮੈਂ ਹੀ ਚਿਰ ਰਿਹਾ ਹਾਂ

ਠੰਡਾ ਸੂਰਜ ਸਰਦ ਧੁੱਪ ਹੈ
ਤਪਸ਼ ਹੈ ਕੇਹੀ ਠਿਰ ਰਿਹਾ ਹਾਂ

ਘੁੰਮਣਘੇਰੀ ਗੁੱਝੀ ਹੈ ਗਹਿਰੀ
ਤਿਉਂ ਡੁੱਬਾਂ ਜਿਉਂ ਤਿਰ ਰਿਹਾ ਹਾਂ

ਪੰਕਿ ਕੰਵਲ ਬਣਨਾ ਹੈ ਔਖਾ
ਆਪੇ ਤੋਂ ਆਪ ਜੁ ਫਿਰ ਰਿਹਾ ਹਾਂ

~0~0~0~0~

- پروفیسر کولدیپ سنگھ کنول

رفتہ رفتہ کر رہا ہاں
ہر دم غم جر رہا ہاں

دھسیا ہاں دلدل ‘چ اداں
اٹھدا اٹھدا گر رہا ہاں

ترپ ترپ وہے نیر دا سوما
گھٹا کالیاں گھر رہا ہاں

میں ہی تاں خنجر میں ہی دلّ ہاں
پل پل میں ہی چر رہا ہاں

ٹھنڈا سورج سرد دھپّ ہے
تپش ہے کیہی ٹھر رہا ہاں

گھمنگھیری گجھی ہے گہری
تؤں ڈباں جیوں تر رہا ہاں

پنکِ کنول بننا ہے اوکھا
آپے توں آپ جو پھر رہا ہاں

Tuesday, November 12, 2013

ਕੁਥਰੇ ਸੁਥਰ / کتھرے ستھر

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਟੁੱਟੇ ਕੱਚ ਦਾ ਸੁੱਟਣਾ ਚੰਗਾ ਹੱਥ ਵੱਢਦਾ ਹੱਥ ਜੋ ਲਾਵੇ
ਏਸੇ ਤਰ੍ਹਾਂ ਕੁੱਝ ਟੁੱਟੇ ਰਿਸ਼ਤੇ ਬਸ ਸੁੱਟਣ ਜੋਗ ਰਹੰਦੇ

ਦਾਲ ਦੇ ਰੋੜੇ ਕੱਢੀਏ ਨਾ ਜੇ ਮੂੰਹ ਆਏ ਕਿਰਚ ਹੀ ਆਵੇ
ਮੇਲ ਬਰਾਬਰ ਹੋਵਣ ਤੇ ਫ਼ਲਦੇ ਨਾ ਬੇਮੇਲੇ ਕਦੇ ਸੋਹੰਦੇ

ਅੱਠੇਂ ਪਹਿਰ ਰਹੇ ਵਿੱਸ ਘੁੱਲਦਾ ਕਦੇ ਨਾ ਸਾਥ ਸੁਹਾਵੇ
ਰਹੇ ਵਿਸ਼ਵਾਸ ਪਿਆਰ ਨਾ ਜਿੱਥੇ ਉਹ ਘਰ ਤਿੜ ਢਹੰਦੇ

ਜਾਂ ਫ਼ਲ ਦੇਵੇ ਜਾਂ ਛਾਂ ਦੇਵੇ ਠੰਡੀ ਮਾਣ ਓਹੀ ਰੁੱਖ ਪਾਵੇ
ਬਿਨ-ਛਾਵੇਂ ਬਿਨ-ਫ਼ਲ ਦਿਓਂ ਚੁੱਭਦੇ ਕੰਡੇ ਬਣ ਬਹੰਦੇ

ਪਲਾਂ ਦੀ ਗ਼ਲਤੀ ਰੁਲੇ ਜ਼ਿੰਦਗੀ ਪੱਲੇ ਰਹਿਣ ਪਛਤਾਵੇ
ਨਾਂ ਦਾ ਜੋੜ ਇਤਫ਼ਾਕ ਨਾ ਹੋਵੇ ਜਾਣ ਬੁੱਝ ਖੂਹ ਡਿਗੰਦੇ

ਅੰਦਰ ਕੁਥਰੇ ਸੜਿਆਂਦ ਭਰੀ ਬਾਹਰ ਸੁਥਰ ਬਣੰਦੇ
ਕ਼ਿਰਦਾਰ ਦੇ ਪੂਰੇ ਨਾ ਕਦੇ ਜਾਣੋ ਕਰ ਹੋਰ ਹੋਰ ਕਹੰਦੇ

~0~0~0~0~

- پروفیسر کولدیپ سنگھ کنول

ٹٹے کچّ دا سٹنا چنگا ہتھ وڈھدا ہتھ جو لاوے
ایسے طرحاں کجھ ٹٹے رشتے بس سٹن جوگ رہندے

دال دے روڑے کڈھیئے نہ جے منہ آئے کرچ ہی آوے
میل برابر ہوون تے فلدے نہ بیمیلے کدے سوہندے

اٹھیں پہر رہے وسّ گھلدا کدے نہ ساتھ سہاوے
رہے وشواس پیار نہ جتھے اوہ گھر تڑ ڈھہندے

جاں فل دیوے جاں چھاں دیوے ٹھنڈی مان اوہی رکھ پاوے
بن-چھاویں بن-فل دیوں چبھدے کنڈے بن بہندے

پلاں دی غلطی رلے زندگی پلے رہن پچھتاوے
ناں دا جوڑ اتفاق نہ ہووے جان بجھّ کھوہ ڈگندے

اندر کتھرے سڑیاند بھری باہر ستھر بنندے
کردار دے پورے نہ کدے جانو کر ہور ہور کہندے

Saturday, November 9, 2013

ਪੱਥਰ ਸੋਚ / پتھر سوچ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਾਹ ਰੁਲਦਾ ਕੋਈ ਪੱਥਰ ਚੱਕ ਕੇ
ਰੱਬ ਆਖ ਲੁੱਟ ਮਚਾਵੇਂ
ਪਰ ਪੱਥਰ ਜੇ ਪੱਥਰ ਆਖਾਂ
ਕਿਉਂ ਤੇਰੀ ਹੋਂਦ ਹਿੱਲ ਜਾਵੇ

ਇੱਕ ਸਿਰ ਰਗੜੇਂ ਇੱਕ ਪੈਰ ਲਿਤਾੜੇਂ
ਕਿਉਂ ਰਲਵੀਂ ਬਾਬ ਬਣਾਈ
ਸਿਰ ਹੇਠਾਂ ਚੱਕ ਪੈਰ ਤੁਰ ਪਏਂ
ਨਾ ਹੋਵੇ ਇੰਝ ਰੁਸਵਾਈ

ਜਿਤ ਇਹ ਘੜ੍ਹਿਆ ਜੇ ਉਹ ਸ਼ੂਦਰ
ਰੋੜਾ ਕਿਤ ਰੱਬ ਹੋਇਆ
ਜਿਉਂਦੇ ਲਈ ਨਾ ਜੁੜਦਾ ਪਾਣੀ
ਇਹਨੂੰ ਦੁੱਧ ਨਾਲ ਧੋਇਆ

ਰੋਜ਼ ਨਵੇਂ ਜਿਹੇ ਗੀਟੇ ਪੱਥਰ
ਜੜ ਲਾਕਟ ਮੁੰਦੀਆਂ ਵੇਚੇਂ
ਹਰ ਮਾਪ ਦਾ ਪਖੰਡ ਤੂੰ ਵੱਖਰਾ
ਲੈ ਲੈ ਘੜ੍ਹੇ ਨਿੱਤ ਮੇਚੇ

ਤੂੰ ਭਰਮਾਂ ਦੀਆਂ ਖੋਲ੍ਹ ਦੁਕਾਨਾਂ
ਜਗਤ ਨੂੰ ਠੱਗਦਾ ਜਾਵੇਂ
ਸੱਚ ਨੂੰ ਜੇਕਰ ਸੱਚ ਕੋਈ ਆਖੇ
ਡੰਗਣ ਦੀ ਕਲਾ ਵਰਤਾਵੇਂ

ਪਖੰਡ ਬਣਾ ਕੇ ਕੂੜ੍ਹ ਦਾ ਹਾਣੀ
ਤਰਕ ਦਾ ਗਲਾ ਦਬਾਵੇਂ
ਭਾਂਡਾ ਤੇਰਾ ਚੁਰਾਹੇ ਜਿ ਭੱਜੇ
ਸ਼ਰਧਾ ਦਾ ਰੌਲਾ ਪਾਵੇਂ

ਤੇਰੀ ਸੋਚ ਹੈ ਰੇਤ ਦੀ ਢੇਰੀ
ਅੱਜ ਵਹਿਣਾ ਕੱਲ ਵਹਿਣਾ
ਗਿਆਨ ਹਨੇਰੀ ਐਸੀ ਚੱਲਣੀ
ਓਏ ਤੇਰਾ ਕੱਖ ਨਾ ਰਹਿਣਾ

~0~0~0~0~

- پروفیسر کولدیپ سنگھ کنول

راہ رلدا کوئی پتھر چکّ کے
ربّ آکھ لٹّ مچاویں
پر پتھر جے پتھر آکھاں
کیوں تیری ہوند ہلّ جاوے

اک سر رگڑیں اک پیر لتاڑیں
کیوں رلویں باب بنائی
سر ہیٹھاں چکّ پیر تر پئیں
نہ ہووے انجھ رسوائی

جت ایہہ گھڑھیا جے اوہ شودر
روڑا کت ربّ ہویا
جؤندے لئی نہ جڑدا پانی
ایہنوں دودھ نال دھویا

روز نویں جہے گیٹے پتھر
جڑ لاکٹ مندیاں ویچیں
ہر ماپ دا پکھنڈ توں وکھرا
لے لے گھڑھے نت میچے

توں بھرماں دیاں کھولھ دوکاناں
جگت نوں ٹھگدا جاویں
سچ نوں جیکر سچ کوئی آکھے
ڈنگن دی کلا ورتاویں

پکھنڈ بنا کے کوڑھ دا ہانی
ترک دا گلا دباویں
بھانڈا تیرا چراہے جِ بھجے
شردھا دا رولا پاویں

تیری سوچ ہے ریت دی ڈھیری
اج وہنا کلّ وہنا
گیان ہنیری ایسی چلنی
اوئے تیرا ککھّ نہ رہنا

Thursday, November 7, 2013

ਅੱਗ / اگّ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਇੱਕ ਅੱਗ ਨਿਗਲਾਂ, ਇੱਕ ਅੱਗ ਉਗਲਾਂ, ਪਹਿਨਾ ਵਸਤਰ ਅੱਗ ਦੇ
ਹਰ ਅਹਿਸਾਸ, ਮੈਨੂੰ ਜ਼ਿੰਦਗੀ ਤੇਰੇ, ਬਸ ਵਾਂਗ ਅੱਗ ਜਿਹੇ ਲੱਗ ਦੇ

ਇੱਕ ਅੱਗ ਢਿੱਡ ਦੇ ਅੰਦਰ ਬਲਦੀ, ਇੱਕ ਬਲਦੀ ਏ ਗਿੱਠ ਕੁ ਹੇਠਾਂ
ਦੋਹਾਂ ਅੱਗਾਂ ਦੀ, ਹੈ ਖੇਡ ਇਹ ਸਾਰੀ, ਵਿੱਚ ਭੁੱਜਣ ਜੀਵ ਇਸ ਜੱਗ ਦੇ

ਹਰ ਪਲ ਹਿਰਦੇ, ਬਲਦੀ ਜੋ ਭਾਂਬੜ, ਹੈ ਸਾਰੀ ਇਹੋ ਰਾਖ਼ ਦਾ ਸੋਮਾ
ਇਹਨੂੰ ਜੋ ਸਾੜੇ, ਓਹਨੂੰ ਵੀ ਸਾੜੇ, ਪਰ ਪਹਿਲੋਂ ਸਾੜੇ ਆਪਾ ਸਭ ਦੇ

ਅੱਗ ਅੰਨ੍ਹੀ ਸ਼ਰਧਾ ਇਓਂ ਮੱਚਦੀ, ਅਕਲ ਨੂੰ ਲਾਂਬੂ ਸਿਰੇ ਤੋਂ ਲਾ ਕੇ
ਹੋਮ ਏਸ ਵਿੱਚ, ਕਰਨ ਉਹ ਪੁਸ਼ਤਾਂ, ਇਸ ਨੇੜ ਰਤਾ ਜੋ ਲੱਗ ਦੇ

ਇੱਕ ਅੱਗ ਮਜ਼ਹਬ ਪਹਿਨ ਕੇ ਫਿਰਦੀ, ਲਾ ਮੰਦਰ ਮਸੀਤੀਂ ਡੇਰੇ
ਬੰਦਾ ਬੰਦਿਓਂ ਧੁਰ ਫ਼ੂਕ ਮੁਕਾਵੇ, ਵੱਡੀ ਬਣ ਬਹੀਓਂ ਇਹ ਰੱਬ ਦੇ

ਦਮ ਦਮ ਮੱਘਦੀ ਅੱਗ ਪ੍ਰੀਤ ਅਵੱਲੀ, ਜਿਤ ਨਿੱਘ ਇਲਾਹੀ ਆਵੇ
ਰਵ੍ਹੇ ਮਹਿਫੂਜ਼ ਹਰ ਅੱਗ ਤੋਂ ਉਹ ਜੋ, ਬਲੇ ਵਿੱਚ ਇਸ ਅੱਗ ਦੇ

ਅੱਗ ਤਾਂ ਮੁੱਢ ਤੋਂ, ਇਓਂ ਨਾਲ ਤੁਰੀ ਹੈ, ਤਕ ਅੰਤ ਨਾਲ ਇਹ ਜਾਵੇ
ਅੱਗ ਦਾ ਜਾਇਆ, ਕੰਵਲ ਹੈ ਤਨ ਇਹ, ਮਿਲਣਾ ਵਿੱਚ ਇਸ ਅੱਗ ਦੇ

~0~0~0~0~

- پروفیسر کولدیپ سنگھ کنول

اک اگّ نگلاں، اک اگّ اگلاں، پہنا وستر اگّ دے
ہر احساس، مینوں زندگی تیرے، بس وانگ اگّ جہے لگّ دے

اک اگّ ڈھڈّ دے اندر بلدی، اک بلدی اے گٹھّ کو ہیٹھاں
دوہاں اگاں دی، ہے کھیڈ ایہہ ساری، وچّ بھجن جیو اس جگّ دے

ہر پل ہردے، بلدی جو بھامبڑ، ہے ساری ایہو راخ دا سوما
ایہنوں جو ساڑے، اوہنوں وی ساڑے، پر پہلوں ساڑے آپا سبھ دے

اگّ انی شردھا اؤں مچدی، عقل نوں لامبو سرے توں لا کے
ہوم ایس وچّ، کرن اوہ پشتاں، اس نیڑ رتا جو لگّ دے

اک اگّ مذہب پہن کے پھردی، لا مندر مسیتیں ڈیرے
بندہ بندیوں دھر فوق مکاوے، وڈی بن بہیؤں ایہہ ربّ دے

دم دم مگھدی اگّ پریت اولی، جت نگھّ الٰہی آوے
روھے محفوض ہر اگّ توں اوہ جو، بلے وچّ اس اگّ دے

اگّ تاں مڈھ توں، اؤں نال تری ہے، تک انت نال ایہہ جاوے
اگّ دا جایا، کنول ہے تن ایہہ، ملنا وچّ اس اگّ دے

Wednesday, October 2, 2013

ਹਰਫ਼-ਏ-ਪਰਖ਼ / حرف-اے-پرخ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਗਾਂ ‘ਚ ਦੋੜਦਾ ਪਾਣੀ ਹੋ ਗਿਆ ਜੇਕਰ
ਵਹੇਗਾ ਅੱਖਾਂ ਵਿੱਚ ਆ ਫਿਰ ਲਹੂ ਕਿੱਦਾਂ

ਗਹਿਣੇ ਧਰੇ ਖ਼ੁਦ ਆਪਣੀ ਗੈਰਤ ਜਾ ਜੋ 
ਜਾਬਰ ਨੂੰ ਸੱਚ ਮੂੰਹ ‘ਤੇ ਉਹ ਕਹੂ ਕਿੱਦਾਂ

ਹੈ ਝੁਕਦਾ ਸਿਰ ਦਰ ਦਰ ‘ਤੇ ਜਾ ਜਿਹਦਾ
ਕਤਰਾ ਈਮਾਨ ਵੀ ਬਾਕੀ ਉਸ ਰਹੂ ਕਿੱਦਾਂ

ਨਾ ਖਾਧੇ ਖੰਜਰ ਪਿੱਠ ਜਿਹਨੇ ਸਕਿਆਂ ਦੇ
ਵਾਰ ਦੁਸ਼ਮਣ ਦੇ ਸੀਨੇ ਆਖਰ ਸਹੂ ਕਿੱਦਾਂ

ਕੱਚੀ ਕੰਧ ਜਿਉਂ ਹਵਾ ਦੇ ਜ਼ੋਰ ‘ਤੇ ਗਿਰਦੀ
ਕੱਚੀ ਸੋਚ ਵੀ ਹਰ ਪਰਖ਼ ਜਾ ਢਹੂ ਇੱਦਾਂ

ਨਾ ਸਿੱਖਿਆ ਸਿਰ ਜੇ ਤਲੀ ‘ਤੇ ਟਿਕਾਉਣਾ
ਨਿਸ਼ਾਨੇ-ਈਮਾਨ ਸਦ-ਕਾਇਮ ਰਹੂ ਕਿੱਦਾਂ

ਕੰਬਦਾ ਰਿਹਾ ਮਿਲਣੀ ਮੌਤ ਤੋਂ ਹਰ ਪਲ 
ਦਰਦੇ-ਜ਼ਿੰਦਗੀ ਕੰਵਲ ਫ਼ਿਰ ਸਹੂ ਕਿੱਦਾਂ

~0~0~0~0~

- پروفیسر کولدیپ سنگھ کنول

رگاں ‘چ دوڑدا پانی ہو گیا جیکر
وہیگا اکھاں وچّ آ پھر لہو کداں

گہنے دھرے خود اپنی غیرت جا جو
جابر نوں سچ منہ ‘تے اوہ کہو کداں

ہے جھکدا سر در در ‘تے جا جہدا
قطرہ ایمان وی باقی اس رہو کداں

نہ کھادھے خنجر پٹھّ جہنے سکیاں دے
وار دشمن دے سینے آخر سہو کداں

کچی کندھ جیوں ہوا دے زور ‘تے گردی
کچی سوچ وی ہر پرخ جا ڈھہو اداں

نہ سکھیا سر جے تلی ‘تے ٹکاؤنا
نشانے-ایماننے صد-قایم رہو کداں

کمبدا رہا ملنی موت توں ہر پل 
دردے-زندگی کنول پھر سہو کداں

Saturday, September 28, 2013

ਖਰ੍ਹਵੇ ਬੋਲ / کھرھوے بول

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਲੁੱਟਣਹਾਰੇ ਅਸਮਤ ਦੇ ਸਜੇ ਨੇ ਰੱਬ ਜਿਹਨਾਂ ਦੇ
ਕਿਉਂ ਨਾ ਰੁਲਣ ਉਨ੍ਹਾਂ ਦੇ ਵਿਹੜੇ ਨਿੱਤ ਬ੍ਰਿੰਦਾਵਾਂ

ਕੋਈ ਸੰਤ ਕੋਈ ਬਾਪੂ ਕਦੇ ਕੋਈ ਦੇਵਤਾ ਲੁੱਟਦਾ
ਦੇਵਦਾਸੀਆਂ ਕਦ ਤਕ ਬਣਨ-ਗੀਆਂ ਅਬਲਾਵਾਂ

ਨਰਕ ਦੁਆਰੀ ਆਖ ਦੁਰਕਾਰੀ ਜਾਂਦੀ ਹੈ ਜੇ
ਕਿਉਂ ਸੁਰਗ ਭੋਗਣਾ ਲੋਚਣ ਆਖ ਅਪ-ਸਰਾਵਾਂ

ਅੱਗ ਵਿੱਚ ਸੱਟਣ ਕਦੇ ਸੰਗ ਗਰਭ ਜੰਗਲਾਂ ਧੱਕਣ
ਮਰਿਆਦਾ ਪੁਰਖ ਉਨ੍ਹਾਂ ਨੂੰ ਕਿੰਝ ਆਖ ਕੇ ਗਾਵਾਂ

ਲਿਫ਼ਾਫੇ ਵਾਂਗ ਬਦਲ ਕੇ ਹੰਢਾਉਂਦੇ ਰਹੇ ਜੋ ਹਜ਼ਾਰਾਂ
ਅਵਤਾਰੀ ਐਸੇ ਪੁਰਖ ਦੀਆਂ ਭੱਠ ਪੈਣ ਕਲਾਵਾਂ

ਨੰਗੇ ਬਦਨ ਨੇ ਜਿੱਥੇ ਬੇਸ਼ਰਮੀ ਨਾਚ ਘੜ੍ਹੇ ਨੱਚਦੇ 
ਅਜਿਹੇ ਘਰ ਤੇ ਰੱਬ ਨੂੰ ਕਿਉਂ ਨਾ ਅੱਗ ਜਾ ਲਾਵਾਂ

ਜਿਹੋ ਜਿਹੀ ਸਭਿਅਤਾ ਅਸਰ ਵੀ ਓਹੀ ਰੱਖਦੀ ਹੈ
ਸੱਚੀ ਗੱਲ ਕੰਵਲ ਆਖਾਂ ਖਰ੍ਹਵੇ ਬੋਲ ਆ ਸੁਣਾਵਾਂ

~0~0~0~0~

- پروفیسر کولدیپ سنگھ کنول

لٹنہارے عصمت دے سجے نے ربّ جہناں دے
کیوں نہ رلن اوہناں دے ویہڑے نت برنداواں

کوئی سنت کوئی باپو کدے کوئی دیوتا لٹدا
دیوداسیاں کد تک بنن-گیاں ابلاواں

نرک دواری آکھ درکاری جاندی ہے جے
کیوں سرگ بھوگنا لوچن آکھ اپ-سراواں

اگّ وچّ سٹن کدے سنگ گربھ جنگلاں دھکن
مریادا پرکھ اوہناں نوں کنجھ آکھ کے گاواں

لفافے وانگ بدل کے ہنڈھاؤندے رہے جو ہزاراں
اوتاری ایسے پرکھ دیاں بھٹھّ پین قلعواں

ننگے بدن نے جتھے بے شرمی ناچ گھڑھے نچدے 
اجیہے گھر تے ربّ نوں کیوں نہ اگّ جا لاواں

جہو جہی سبھیتا اثر وی اوہی رکھدی ہے
سچی گلّ کنول آکھاں کھرھوے بول آ سناواں

Tuesday, September 10, 2013

ਧਰਮੀ ਲੁੱਟ / دھرمی لٹّ


- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਲੁੱਟ ਖੋਹ ਧਰਮ ਕਿਸੇ ਦਾ ਕਿਸੇ ਧਰਮ ਨੂੰ ਲੁੱਟ ਬਣਾਇਆ
ਕਾਲੇ ਕੱਛੇ ਕੁਝ ਚਿੱਟੇ ਚੋਲੇ ਸਭ ਵੱਢ ਲੋਕਾਈ ਖਾਈ ਜਾਂਦੇ

ਹੱਕ ਇਨਸਾਫ਼ ਦਾ ਲੈ ਕੇ ਨਾਂ ਚੱਲੇ ਖ਼ੂਬ ਇਲਜ਼ਾਮਤਰਾਸ਼ੀ
ਜਾਮੇ ਪਲੀਤ ਨੇ ਸਭਨੀਂ ਪਾਸੀਂ ਆਪਣੇ ਦਾਗ ਲੁਕਾਈ ਜਾਂਦੇ

ਅੰਕੜਿਆਂ ਉੱਤੇ ਅੰਕੜੇ ਲਿਖਦੇ ਲਾਲ ਰੱਤ ਦੀ ਲੈ ਸਿਆਹੀ
ਉਸ ਸੌ ਵੱਢੇ ਇਸ ਡੂਢ ਮਾਰੇ ਰਾਜਨੀਤ ਚਮਕਾਈ ਜਾਂਦੇ

ਨਿਆ ਤਰਾਜੂ ਅੰਧੁਲੇ ਚੁੱਕਿਆ ਮਾਇਆ ਵਾਲਾ ਪੱਲੜਾ ਭਾਰੀ
ਕਿਹਨੂੰ ਜਾ ਹੁਣ ਪੀੜ ਸੁਣਾਵਾਂ ਕੁੱਤੀ ਚੋਰ ਰਲ ਖਾਈ ਜਾਂਦੇ

ਬਾਰਾਂ ਪੁਜਾਰੀ ਛੱਤੀ ਇਸ਼ਟ ਬਹੱਤਰ ਅੱਗੇ ਗੋਲਕਾਂ ਧਰੀਆਂ
ਨਿੱਤ ਨਵੇਂ ਮਜ਼ਹਬਾਂ ਦੇ ਦਫ਼ਤਰ ਨਵੇਂ ਰੱਬ ਬਣਾਈ ਜਾਂਦੇ

ਸ਼ੋਸ਼ਿਆਂ ਦੂਣੇ ਛੱਡ ਕੇ ਸ਼ੋਸ਼ੇ ਨਿੱਤ ਨਵੀਂ ਕਲਾ ਵਰਤਾਵਣ
ਲੁੱਚੇ ਦਰ ਬਹਿ ਬਾਬੇ ਠੱਗੂ ਝੂਠ ਦੁਕਾਨ ਚਮਕਾਈ ਜਾਂਦੇ

ਸੱਤਾ ਧਰਮ ਸਿਆਸਤ ਮਰਿਆਦਾ ਲਗ ਰਹੀ ਮਨੁੱਖੀ ਬੋਲੀ
ਮੁਫ਼ਾਦਾਂ ਦੀ ਮੰਡੀ ਵਿੱਚ ਸਾਰੇ ਆਪਣਾ ਮੁੱਲ ਪਵਾਈ ਜਾਂਦੇ

~0~0~0~0~0~0~0~

- پروفیسر کولدیپ سنگھ کنول

لٹّ کھوہ دھرم کسے دا کسے دھرم نوں لٹّ بنایا
کالے کچھے کجھ چٹے چولے سبھ وڈھّ لوکائی کھائی جاندے

حق انصاف دا لے کے ناں چلے خوب الزامتراشی
جامے پلیت نے سبھنیں پاسیں اپنے داغ لکائی جاندے

انکڑیاں اتے انکڑے لکھدے لال رتّ دی لے سیاہی
اس سو وڈھے اس ڈوڈھ مارے راجنیت چمکائی جاندے

نیا ترازو اندھلے چکیا مایہ والا پلڑا بھاری
کہنوں جا ہن پیڑ سناواں کتی چور رل کھائی جاندے

باراں پجاری چھتی اشٹ بہتر اگے گولکاں دھریاں
نت نویں مذہباں دے دفتر نویں ربّ بنائی جاندے

شوشیاں دونے چھڈّ کے شوشے نت نویں کلا ورتاون
لچے در بہہ بابے ٹھگو جھوٹھ دوکان چمکائی جاندے

ستا دھرم سیاست مریادا لگ رہی منکھی بولی
مفاداں دی منڈی وچّ سارے اپنا ملّ پوائی جاندے

Friday, March 29, 2013

ਗੱਡੀ ਸਰਕਾਰੀ ਉੱਤੇ ਲਾਲ ਬੱਤੀ / گڈی سرکاری اتے لال بتی

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ 

ਗੱਡੀ ਸਰਕਾਰੀ ਉੱਤੇ ਲਾਲ ਬੱਤੀ, ਜੱਥੇਦਾਰੀ ਲੁਤਫ਼ ਉਠਾਈਏ ਜੀ |
ਰਾਜ ਨਹੀਂ ਅਸੀਂ ਤਾਂ ਸੇਵਾ ਕਰਨੀ, ਹੱਥ ਜੋੜ ਕੇ ਹੱਥ ਵਰ੍ਹਾਈਏ ਜੀ |
 
ਫ਼ੋਟੋਸ਼ਾਪ ਵਿੱਚ ਸੜ੍ਹਕ ਬਣਦੀ, ਅਸੀਂ ਕਾਗਜ਼ੀ ਪੁੱਲ ਬਣਾਈਏ ਜੀ |
ਆਟਾ ਦਾਲ ਤੇ ਲੈਪਟੋਪ ਵੰਡਣੇ, ਖ਼ੂਬ ਸਬਜ਼ਬਾਗ ਵਿਖਾਈਏ ਜੀ |
 
ਅਸੀਂ ਲੁੱਟੇ-ਪੁੱਟੇ ਹੈ ਖਜ਼ਾਨਾ ਖਾਲ੍ਹੀ, ਬਿਨ ਪੁੱਛਿਆਂ ਆਖ ਸੁਣਾਈਏ ਜੀ |
ਖਜ਼ਾਨਾ ਭਰੂ ਤਾਂਇਓਂ ਤਾਂ ਲੁੱਟਣਾ, ਸਾਹ ਉੱਤੇ ਟੈਕਸ ਲਗਾਈਏ ਜੀ |
 
ਦਰ ਦਰ ਨਾ ਹੁਣ ਪਉ ਰੁਲਣਾ, ਸਿੱਧੀ ਆਪਣੀ ਭੇਟ ਧਰਾਈਏ ਜੀ |
ਹੋਟਲ, ਚੈਨਲ ਜਾਂ ਯੂਨੀਵਰਸਿਟੀ, ਵਿੱਚ ਆਪਣਾ ਹਿੱਸਾ ਰਖਾਈਏ ਜੀ |
 
ਗੋਗੜ ਸਾਡੀ ਕੋਈ ਵਧੀ ਨਾ ਐਵੇਂ, ਅੱਠੇ ਪਹਿਰ ਲੁੱਟ ਮਚਾਈਏ ਜੀ |
ਪੀ ਪਟ੍ਰੋਲ ਕਮੇਟੀਆਂ ਦਾ ਚੱਲੀਏ, ਨਾ ਐਵੇਂ ਈ ਪ੍ਰਧਾਨ ਕਹਾਈਏ ਜੀ |
 
ਪੁੱਤ ਪੋਤਰੇ ਸਕੂਲੋਂ ਫ਼ੇਲ ਹੋਂਦੇ, ਲਾ ਸਿਫ਼ਾਰਸ਼ਾਂ ਪਾਸ ਕਰਾਈਏ ਜੀ |
ਅਸੀਂ ਨੇਤਾ ਪੁੱਤ ਬਣੂੰਗਾ ਮੰਤਰੀ, ਗੁਰ ਪਹਿਲੇ ਦਿਨ ਸਿਖਾਈਏ ਜੀ |

~~~~~~~~~~~

- پروفیسر کولدیپ سنگھ کنول 

گڈی سرکاری اتے لال بتی، جتھیداری لطفَ اٹھائیے جی
راج نہیں اسیں تاں سیوا کرنی، ہتھ جوڑ کے ہتھ ورھائیے جی
 
فوٹوشاپ وچّ سڑھک بندی، اسیں کاغذی پلّ بنائیے جی
آٹا دال تے لیپٹوپ ونڈنے، خوب سبزباگ وکھائیے جی
 
اسیں لٹے-پٹے ہے خزانہ کھالھی، بن پچھیاں آکھ سنائیئے جی
خزانہ بھرو تانئیوں تاں لٹنا، ساہ اتے ٹیکس لگائیے جی
 
در در نہ ہن پؤ رلنا، سدھی اپنی بھیٹ دھرائیے جی
ہوٹل، چینل جاں یونیورسٹی، وچّ اپنا حصہ رکھائیے جی
 
گوگڑ ساڈی کوئی ودھی نہ ایویں، اٹھے پہر لٹّ مچائیے جی
پی پٹرول کمیٹیاں دا چلیئے، نہ ایویں ای پردھان کہائیے جی
 
پتّ پوترے سکولوں فیل ہوندے، لا سفارشاں پاس کرائیے جی
اسیں نیتا پتّ بنونگا منتری، گر پہلے دن سکھائیئے جی

Wednesday, March 6, 2013

ਮੇਰੇ ਘੁੰਮਣਘੇਰੇ / میرے گھمنگھیرے

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮੇਰੇ ਅੰਦਰ ਜੋ ਹੁੰਮਸ ਹਨੇਰੇ ਨੇ
ਕੋਣ ਮੇਟੇ ਇਹ ਤਾਂ ਮੁੱਢੋਂ ਈ ਮੇਰੇ ਨੇ

ਹਉਂ ਬਾਲਣ ਮੱਘਦੀ ਤ੍ਰਿਸ਼ਨਾ ਮੇਰੀ
ਤੁੱਛ ਜਾਣਾ ਜੋ ਰੱਬ ਵੱਸਦੇ ਚੁਫ਼ੇਰੇ ਨੇ

ਕੁੜ੍ਹਦਾ ਨਕਾਰਦਾ ਰਿਹਾ ਤਾ-ਉਮਰ
ਭੁੱਲ ਬੈਠਾ ਇਹ ਪਰਛਾਵੇਂ ਮੇਰੇ ਨੇ 

ਆਪੇ ਨੂੰ ਲਾ ਧਾਰ ਆਪਾ ਵੱਢਦਾ ਰਿਹਾ 
ਮੇਰੇ ਹੀ ਹਿੱਸੇ ਹਰ ਪਾਸੇ ਖਿਲੇਰੇ ਨੇ

ਸੌੜੀ ਸੋਚ ਵਿੱਚ ਦਿਸਹੱਦੇ ਸੁੰਗੜੀ
ਆਪਣੇ ਹੀ ਡਰ ਮਨੋਤਲ ਉਕੇਰੇ ਨੇ

ਉਦਕਰਖ ਆਕਰਖ ਰਜ਼ਾ ਤੇਰੀ
ਫਿਰਦੇ ਮੁਨਕਰ ਮਿੱਟੀ ਦੇ ਢ਼ੇਰੇ ਨੇ

ਖਾਲਕ ਖਲਕ ਕੀਕੁਰ ਪਾਰ ਜਾਣਾ
ਮੈਨੂੰ ਲੈ ਬੈਠੇ ਮੇਰੇ ਘੁੰਮਣਘੇਰੇ ਨੇ

 
~~~~~~~~~~~~

- پروفیسر کولدیپ سنگھ کنول

میرے اندر جو ہمس ہنیرے نے
کون میٹے ایہہ تاں مڈھوں ای میرے نے

ہؤں بالن مگھدی ترشنا میری
تچھّ جانا جو ربّ وسدے چپھیرے نے

کڑھدا نکاردا رہا تا-عمر
بھلّ بیٹھا ایہہ پرچھاویں میرے نے 

آپے نوں لا دھار آپا وڈھدا رہا 
میرے ہی حصے ہر پاسے کھلیرے نے

سوڑی سوچ وچّ دسحدے سنگڑی
اپنے ہی ڈر منوتل اکیرے نے

ادکرکھ آکرکھ رضا تیری
پھردے منکر مٹی دے ڈھیرے نے

خالق خلق کیکر پار جانا
مینوں لے بیٹھے میرے گھمنگھیرے نے

Sunday, March 3, 2013

ਮਲਕੜੀ ਜਿਹੀ ਨਜ਼ਮ / ملکڑی جہی نظم

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਫੁੱਲ ਲੱਗੇ ਕਿੱਕਰਾਂ ਨੂੰ
ਮਾਣ ਸੱਚੇ ਮਿੱਤਰਾਂ ਨੂੰ
ਰੂਹਾਂ ਦੇ ਜੋ ਹੋਣ ਹਾਣ
ਮਤਾ ਕਿਤੇ ਦੂਰ ਜਾਣ
ਲਾਈਲੱਗ ਬਣ ਯਾਰਾ
ਮੂੰਹ ਨੂੰ ਭਵਾਈਦਾ ਨਹੀਂ ..

ਮਖਮਲੀ ਹਾਸਾ ਸੱਜਣ
ਅੱਖੀਆਂ 'ਚ ਆਣ ਫੱਬਣ
ਹੰਝੂ ਹਾਸੇ ਇੱਕੇ ਰੰਗੇ
ਸਦ ਭਿੱਜੇ ਨੀਰ ਗੰਗੇ
ਪ੍ਰੀਤ ਪੱਲਾ ਛੱਡ ਕਦੇ
ਦੂਜੇ ਭਾਇ ਆਈਦਾ ਨਹੀਂ ..

ਜ਼ਿੰਦਗੀ ਦੁਪਹਿਰ ਹੋਵੇ
ਲਿਸ਼ਕਦਾ ਕਹਿਰ ਹੋਵੇ
ਠੰਡੀ ਛਾਂਵਾਂ ਦੇਣ ਜਿਹੜੇ
ਭੁੱਲ ਨਾ ਵਿਸਾਰੋ ਵਿਹੜੇ
ਕ੍ਰਿਤਘਣ ਬਣ ਕੰਵਲ
ਪਿੱਠ ਦੇ ਕੇ ਜਾਈਦਾ ਨਹੀਂ ..

~~~~~~~~~~

- پروفیسر کولدیپ سنگھ کنول

پھلّ لگے ککراں نوں
مان سچے متراں نوں
روحاں دے جو ہون ہان
متا کتے دور جان
لائیلگّ بن یارا
منہ نوں بھوائیدا نہیں ..

مخملی ہاسہ سجن
اکھیاں 'چ آن پھبن
ہنجھو ہاسے اکے رنگے
صد بھجے نیر گنگے
پریت پلہ چھڈّ کدے
دوجے بھائِ آئیدا نہیں ..

زندگی دوپہر ہووے
لشکدا قہر ہووے
ٹھنڈی چھاواں دین جہڑے
بھلّ نہ وسارو ویہڑے
کرتگھن بن کنول
پٹھّ دے کے جائیدا نہیں ..

Wednesday, February 13, 2013

ਜਮਹੂਰੀਅਤ ਬੁਲੰਦ ਹੈ / جمہوریات بلند ہے

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ 

ਸਭ ਬੋਲਣੇ ਦੇ ਹੱਕ ਖੋਹੇ, ਮੂੰਹ ਕਰਨਾ ਹਰ ਬੰਦ ਹੈ |
ਬਸ ਘੁੱਟ ਰੱਖ ਸਾਹਾਂ ਨੂੰ, ਜਮਹੂਰੀਅਤ ਬੁਲੰਦ ਹੈ |

ਲਾਸ਼ਾਂ ‘ਤੇ ਡਾਹ ਕੁਰਸੀਆਂ, ਚੋਇਆ ਜੋ ਖੂਨ ਪਾਵਿਆਂ,
ਲਹੂ ਲਿੱਬੜੇ ਨੇ ਬੋਲਦੇ, ਜਮਹੂਰੀਅਤ ਬੁਲੰਦ ਹੈ |

ਰਾਖਿਆਂ ਦੀ ਮੌਜ-ਭੇਟ ਨੇ, ਮਲੂਕ ਕੂੰਜਾਂ ਰੱਜ ਨੋਚੀਆਂ,
ਹੁਣ ਚੀਥੜੇ ਪੁਕਾਰਦੇ, ਜਮਹੂਰੀਅਤ ਬੁਲੰਦ ਹੈ |

ਹੰਝੂਆਂ ਗੜੁੱਚ ਅੱਖੀਆਂ, ਤਾਂਘ ਰਹੀਆਂ ਘਰ ਵਾਪਸੀ,
ਅਣਪਛਾਤ ਲੋਥ ਕੂਕੇ, ਜਮਹੂਰੀਅਤ ਬੁਲੰਦ ਹੈ |

ਵਤਨ ਪ੍ਰਸਤੀ ਢਾਲ ਆ, ਬਣੇ ਮਨੁੱਖਤਾ ਦੇ ਘਾਣ ਦੀ,
ਕੁਸਕਿਆ ਗੱਦਾਰ ਬਣੇ, ਜਮਹੂਰੀਅਤ ਬੁਲੰਦ ਹੈ |

ਹੁਣ ਫਾਂਸੀਆਂ ਤੇ ਗੋਲੀਆਂ, ਹਾਸਿਲ ਨੇ ਹਰ ਆਵਾਜ਼ ਦੇ,
ਦੜ੍ਹ ਵੱਟ ਜ਼ਮਾਨਾ ਕੱਟ, ਜਮਹੂਰੀਅਤ ਬੁਲੰਦ ਹੈ |

ਨਪੁੰਸਕਾਂ ਦੀ ਭੀੜ੍ਹ ਸਭ, ਸਿਰ ਝੁਕਾ ਹੈ ਜੀਣਾ ਧਾਰਿਆ,
ਜਾ ਇਜ਼ਤਾਂ ਪਰੋਸ ਰੱਖ, ਜਮਹੂਰੀਅਤ ਬੁਲੰਦ ਹੈ |

~~~~~~~~~~~~~

- پروفیسر کولدیپ سنگھ کنول 

سبھ بولنے دے حق کھوہے، منہ کرنا ہر بند ہے
بس گھٹّ رکھ ساہاں نوں، جمہوریات بلند ہے 

لاشاں ‘تے ڈاہ کرسیاں، چویا جو خون پاویاں،
لہو لبڑے نے بولدے، جمہوریات بلند ہے

راکھیاں دی موج-بھیٹ نے، ملوک کونجاں رجّ نوچیاں،
ہن چیتھڑے پکاردے، جمہوریات بلند ہے

ہنجھوآں گڑچّ اکھیاں، تانگھ رہیاں گھر واپسی،
انپچھات لوتھ کوکے، جمہوریات بلند ہے

وطن پرستی ڈھال آ، بنے منکھتا دے گھان دی،
کسکیا غدار بنے، جمہوریات بلند ہے

ہن پھانسیاں تے گولیاں، حاصل نے ہر آواز دے،
دڑھ وٹّ زمانہ کٹّ، جمہوریات بلند ہے 

نپنسکاں دی بھیڑھ سبھ، سر جھکا ہے جینا دھاریا،
جا ازتاں پروس رکھ، جمہوریات بلند ہے

Saturday, December 29, 2012

ਕ਼ਿਰਦਾਰ / کردار

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਹਰ ਮੋੜ ਬਦਲਦੇ, ਕੁਝ ਇੰਝ ਕ਼ਿਰਦਾਰ ਵੇਖੇ |
ਯ਼ਾਰਾਂ ਦੀਆਂ ਗੱਦਾਰੀਆਂ, ਗੱਦਾਰ ਬਣਦੇ ਯ਼ਾਰ ਵੇਖੇ |
 
ਜਾਬਰ ਜਿਹਨਾਂ ਆਖਦੇ, ਪੈਰ ਉਹਨੀਂ ਜਾਣ ਪਏ,
ਉੱਚੀ ਤਕਰੀਰਾਂ ਵਾਲੇ, ਇਖ਼ਲਾਖ ਤੋਂ ਬੀਮਾਰ ਵੇਖੇ |
 
ਰਲਮਿਲ ਲੱਗ ਆਹਰੇ, ਸਾਂਝੀ ਜੜ੍ਹ ਵੱਢੀ ਜਾਵਣ,
ਵਾਹੋਦਾਹੀ ਹੋੜ ਭੱਜਣ, ਬੀਜ ਨਾਸ਼ਣਹਾਰ ਵੇਖੇ |
 
ਕੂਕਦੇ ਜੇ ਫੁੱਲ ਅੱਜ, ਕੁਰਲਾਉਂਦੀਆਂ ਨੇ ਡਾਲੀਆਂ,
ਟਿੱਡੀ ਦਲ ਝੁੰਡੋ ਝੁੰਡ, ਆਣ ਟੁੱਟੇ ਜੋ ਤਿਆਰ ਵੇਖੇ |
 
ਇੱਕ ਦੀ ਛੱਡ ਟੇਕ ਜੋ, ਹਰ ਦਰ ਮੂੰਹ ਜਾ ਮਾਰਦੇ, 
ਹੱਥ ਪੈਰ ਚੋਹੇਂ ਵੱਖ, ਇਉਂ ਬੇੜੀਆਂ ਸਵਾਰ ਵੇਖੇ |
 
ਪਲਾਂ ਦੀ ਹੀ ਖੇਡ ਵਿੱਚ, ਬਦਲਿਆ ਅਸਲ ਜਿਨ੍ਹਾਂ,
ਅੰਬਰੀਂ ਉਡਾਰੀਆਂ ਜੋ, ਪਤਾਲ ਉਨ੍ਹੀਂ ਖਿਲਾਰ ਵੇਖੇ |
 
ਛੱਡ ਰੋਸਾ ਉਹਨਾਂ ਸੰਗ, ਮੁੱਲ ਆਪਦਾ ਪਵਾ ਗਏ,
ਭਲਾ ਹੋਇਆ ਕੰਵਲ ਜੋ, ਭੇਦ ਆਏ ਬਾਹਰ ਵੇਖੇ |

~~~~~~~~~~~~~~~~~

- پروفیسر کولدیپ سنگھ کنول

ہر موڑ بدلدے، کجھ انجھ کردار ویکھے
یاراں دیاں گداریاں، غدار بندے یار ویکھے
 
جابر جہناں آکھدے، پیر اوہنیں جان پئے،
اچی تقریراں والے، اخلاکھ توں بیمار ویکھے
 
رلمل لگّ آہرے، سانجھی جڑھ وڈھی جاون،
واہوداہی ہوڑ بھجن، بیج ناشنہار ویکھے
 
کوکدے جے پھلّ اج، کرلاؤندیاں نے ڈالیاں،
ٹڈی دل جھنڈو جھنڈ، آن ٹٹے جو تیار ویکھے
 
اک دی چھڈّ ٹیک جو، ہر در منہ جا ماردے،
ہتھ پیر چوہیں وکھ، ایوں بیڑیاں سوار ویکھے 
 
پلاں دی ہی کھیڈ وچّ، بدلیا اصل جنہاں،
عنبریں اڈاریاں جو، پتال انہیں کھلار ویکھے
 
چھڈّ روسا اوہناں سنگ، ملّ آپدا پوا گئے،
بھلا ہویا کنول جو، بھید آئے باہر ویکھے

Friday, November 30, 2012

ਚਿਹਰੇ ਤੇ ਨਕਾਬ / چہرے تے نقاب

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ 

ਸਭ ਰਮਜ਼ਾਂ ਖੋਲ੍ਹ ਬਿਆਨ ਕਰਾਂ, ਚਿਹਰਿਆਂ ਤੇ ਨਕਾਬਾਂ ਦੀ,
ਕੁਝ ਚਿਹਰੇ ਨਕਾਬਾਂ ਵਿੱਚ ਕੱਜੇ, ਕੁਝ ਖੁਦ ਨਕਾਬ ਬਣੇਂਦੇ ਨੇ
 
ਅਦਬ ਵਿਹੂਣਾ ਭਾਂਬੜ ਮੱਚਿਐ, ਕੁਤਰਕ ਹਨੇਰੀ ਝੁੱਲੀ ਜੋ 
ਲੋਚੇ ਹਰ ਜ਼ਿਹਨ ਖਾਕ ਕਰੇ, ਜਿਤ ਸੱਤ ਵਿਚਾਰ ਵਸੇਂਦੇ ਨੇ
 
ਜਜ਼ਬਾਤਾਂ ਵਹਿਣੀ ਕੁਝ ਵਹੇ, ਮੋੜੀ ਨੁਹਾਰ ਕਿਸੇ ਸ਼ਾਤਿਰ
ਵਾਵਰੋਲਿਆਂ ਦੀ ਘੇਰੀ ਘੁੰਮਣ, ਨਾ ਤੱਥ ਸਾਰ ਕਿਤ ਪੈਂਦੇ ਨੇ
 
ਹਉਮੈ ਅਗਨ ਵਿਕਰਾਲ ਮਚੀ, ਚੁਣ ਚੁਣ ਸਾੜੇ ਨਾ-ਮੇਚਾਂ ਨੂੰ
ਅੰਦਰੋਂ ਖਾਲ੍ਹੀ ਬਾਹਰੋਂ ਕੁੱਥਰੇ, ਬਸ ਵਿੱਸ ਘੋਲਦੇ ਰਹਿੰਦੇ ਨੇ
 
ਬਿਨ ਉਤਰੇ ਮੋਤੀ ਦੇ ਦਾਅਵੇ, ਚੱਲੀ ਇਹ ਤਹਜ਼ੀਬ ਨਵੀਂ
ਫਲੋਂ ਸੱਖਣੇ ਸਫਾਂ ਜੁੜ ਬੈਠੇ ਜੋ, ਫ਼ਲਸਫ਼ਿਆਂ ਦੀ ਕਹਿੰਦੇ ਨੇ
 
ਉਧਾਰੇ ਲਕਬਾਂ ਦੀ ਚੜ੍ਹ ਗੁੱਡੀ, ਉਧਾਰੇ ਅਸਮਾਨੀਂ ਰਹਿੰਦੇ ਨੇ
ਜਿਉਂਣ ਅਧਿਕਾਰ ਖੋਹ ਬੁੱਧ ਤੋਂ, ਬੁੱਧ ਜੀਵ ਬਣ ਬਹਿੰਦੇ ਨੇ
 
ਸਜ ਖੂਬ ਫਰੇਬ ਦੁਕਾਨ ਰਹੀ, ਅੰਧਿਆਂ ਦੀ ਲਾ ਭੀੜ ਬੜੀ
ਵਣਜ ਕੂੜ੍ਹ ਤੇ ਕੁਫ਼ਰ ਤੋਲਣ,  ਲੇਬਲ ਸੱਚ ਲਾ ਕੇ ਦੇਂਦੇ ਨੇ

~~~~~~~~~~~~~~~~~~~~~~~~~~~~

- پروفیسر کولدیپ سنگھ کنول

سبھ رمزاں کھولھ بیان کراں، چہریاں تے نکاباں دی،
کجھ چہرے نکاباں وچّ کجے، کجھ خود نقاب بنیندے نے
 
ادب وہونا بھامبڑ مچئ، کترک ہنیری جھلی جو
لوچے ہر ذہن خاک کرے، جت ستّ وچار وسیندے نے
 
جذباتاں وہنی کجھ وہے، موڑی نہار کسے شاطر
واورولیاں دی گھیری گھمن، نہ تتھّ سار کت پیندے نے
 
ہؤمے اگن وکرال مچی، چن چن ساڑے نہ-میچاں نوں
اندروں کھالھی باہروں کتھرے، بس وسّ گھولدے رہندے نے
 
بن اترے موتی دے داعوے، چلی ایہہ تہذیب نویں
پھلوں سکھنے صفاں جڑ بیٹھے جو، فلسفیاں دی کہندے نے
 
ادھارے لقباں دی چڑھ گڈی، ادھارے اسمانیں رہندے نے
جیونن ادھیکار کھوہ بدھ توں، بدھ جیو بن بہندے نے
 
سج خوب فریب دوکان رہی، اندھیاں دی لا بھیڑ بڑی
ونج کوڑھ تے کفر تولن،  لیبل سچ لا کے دیندے نے

Wednesday, November 14, 2012

ਇਧਰਲੀਆਂ ਉਧਰਲੀਆਂ / ادھرلیاں ادھرلیاں

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਨੇਰਾ ਆਖਦਾ ਚਾਨਣ ਤੋਂ ਮੈਂ ਡਰਾਂ ਨਾਹੀਂ
ਇਹ ਗੱਲਾਂ ਹੁਣ ਹੋ ਗਈਆਂ ਪੁਰਾਣੀਆਂ ਜੀ

ਚਿੱਟੇ ਕੱਪੜੇ ਪਾ ਕੇ ਪਾਉਣਾ ਨਕਾਬ ਚਿੱਟਾ
ਲਾਟਾਂ ਗਿਆਨ ਦੀਆਂ ਖੂਬ ਜਗਾਉਣੀਆਂ ਜੀ

ਲਾ ਕੇ ਨਾਰ੍ਹੇ ਖਿੱਚਵੇਂ ਚਾਨਣ ਜੇਬ੍ਹ ਰੱਖਣਾ
ਤਰਕੀਬਾਂ ਸਾਰੀਆਂ ਅਸਾਂ ਇਹ ਜਾਣੀਆਂ ਜੀ 

ਮੰਤਰੀ ਲੀਡਰ ਸਰਮਾਏਦਾਰ ਨਾਲ ਲੈ
ਸੁੱਚੀਆਂ ਲੁੱਟਾਂ ਅਸਾਂ ਰਲ ਮਚਾਉਣੀਆਂ ਜੀ

ਵੰਡ ਮਜ਼ਹਬਾਂ ਨੂੰ ਲਾ ਕੇ ਬਹੁਰੰਗੇ ਝੰਡੇ
ਅਸੀਂ ਜੜ੍ਹਾਂ ਧਰਮ ਦੀਆਂ ਹਿਲਾਉਣੀਆਂ ਜੀ

ਨੀਲਾ ਭਗਵਾਂ ਹਰਾ ਬਦਲ ਬਦਲ ਪਾਣੇ
ਲਾਲ ਪਾ ਕੇ ਕੈਟ-ਵਾਕ ਕਰਾਉਣੀਆਂ ਜੀ

ਨਿੱਤ ਨਵੀਂ ਖੇਡ ਤੇ ਵੱਖਰੀ ਜੁਗਤ ਲਾਣੀ
ਅਸੀਂ ਕਲਾਬਾਜ਼ੀਆਂ ਰੌਜ਼ ਵਿਖਾਉਣੀਆਂ ਜੀ

ਰਾਤੀਂ ਛੱਕ ਕਬਾਬ ਪਹਿਲੀ ਤੌੜ ਲਾਉਣੀ
ਇੱਕਠੇ ਬਹਿ ਫੇਰ ਵੰਡੀਆਂ ਪਾਉਣੀਆਂ ਜੀ

 
~~~~~~~~~~~~~~~~~~~~~~~~~~~~~~~~~~~~

- پروفیسر کولدیپ سنگھ کنول

ہنیرا آکھدا چانن توں میں ڈراں ناہیں
ایہہ گلاں ہن ہو گئیاں پرانیاں جی

چٹے کپڑے پا کے پاؤنا نقاب چٹا
لاٹاں گیان دیاں خوب جگاؤنیاں جی

لا کے نعرے کھچویں چانن جیبہ رکھنا
ترکیباں ساریاں اساں ایہہ جانیاں جی 

منتری لیڈر سرمائیدار نال لے
سچیاں لٹاں اساں رل مچاؤنیاں جی

ونڈ مذہباں نوں لا کے بہرنگے جھنڈے
اسیں جڑھاں دھرم دیاں ہلاؤنیاں جی

نیلا بھگواں ہرا بدل بدل پانے
لال پا کے کیٹ-واک کراؤنیاں جی

نت نویں کھیڈ تے وکھری جگت لانی
اسیں قلابازیاں روز وکھاؤنیاں جی

راتیں چھکّ کباب پہلی توڑ لاؤنی
اکٹھے بہہ پھیر ونڈیاں پاؤنیاں جی

Comments

.