Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Showing posts with label ਸਿੱਖ ਮਸਲੇ. Show all posts
Showing posts with label ਸਿੱਖ ਮਸਲੇ. Show all posts

Thursday, January 9, 2014

ਮੁਰਦਾ ਖ਼ੂਨ / مردہ خون

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਲਾਹਿਆ ਚੋਰ ਬਿਠਾਇਆ ਠੱਗ
ਚੁੱਪ ਚੁਪੀਤਾ ਬਹਿ ਵੇਖੇ ਜੱਗ

ਕੱਢੀਆਂ ਸ਼ਮਸ਼ੀਰਾਂ ਖੁੱਲ੍ਹੇ ਸਿਰ
ਰੁਲੀ ਵੇਖਦੀ ਗਿਰੀ ਕਿਤ ਪੱਗ

ਮੈਂ ਬੈਠਾਂ ਲੱਤ ਖਿੱਚ ਉਸ ਲਾਹਾਂ
ਰਹੇ ਸਾੜਦੀ ਹਰ ਦਮ ਅੱਗ

ਹਉਂ ਦਾ ਖ਼ੂਬ ਫੁਲੇ ਬੁਲਬੁਲਾ
ਪਲ ਭਰ ਪਿਛੋਂ ਹਵਾ ਹੈ ਝੱਗ

ਲੱਖ ਵੇਸ ਲੱਖ ਧਰਮੀ ਬਾਣੇ
ਭਲਾ ਹੰਸ ਕਦੇ ਬਣਦਾ ਬੱਗ

ਗੰਦ ਸੀ ਖਾਂਦਾ ਗੰਦ ਚੱਟ ਖਾਊ
ਤਖ਼ਤ ਬਿਠਾਇਆ ਭਾਵੇਂ ਸਗ

ਲੱਖ ਜਤਨ ਕੰਵਲ ਕਰ ਹਾਰੋ
ਮੁਰਦਾ ਖ਼ੂਨ ਨਾ ਵਹਿੰਦਾ ਰੱਗ

~0~0~0~0~ 

- پروفیسر کولدیپ سنگھ کنول

لاہیا چور بٹھایا ٹھگّ
چپّ چپیتا بہہ ویکھے جگّ

کڈھیاں شمشیراں کھلھے سر
رلی ویکھدی گری کت پگّ

میں بیٹھاں لتّ کھچّ اس لاہاں
رہے ساڑدی ہر دم اگّ

ہؤں دا خوب پھلے بلبلا
پل بھر پچھوں ہوا ہے جھگّ

لکھ ویس لکھ دھرمی بانے
بھلا ہنس کدے بندا بگّ

گند سی کھاندا گند چٹّ کھاؤ
تخت بٹھایا بھاویں سگ

لکھ جتن کنول کر ہارو
مردہ خون نہ وہندا رگّ

Wednesday, December 11, 2013

ਜ਼ਿੰਦਾ ਜ਼ਮੀਰ / زندہ ضمیر

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਚਮਕੇ ਵਿੱਚ ਇਤਿਹਾਸ ਦੇ ਕੌਮ ਤਾਂ ਹੀ 
ਕੁਰਬਾਨੀ ਬਣੀ ਜੇ ਤਾਸੀਰ ਹੋਵੇ

ਰਾਹੇ ਅਮਨ ‘ਤੇ ਨਿਸ਼ਾਨ ਬੁਲੰਦ ਰੱਖੇ
ਫੜ੍ਹੀ ਹੱਥ ਭਾਵੇਂ ਸ਼ਮਸ਼ੀਰ ਹੋਵੇ

ਲਾ ਕੇ ਸਿਰ ਸਿਰੜ ਨੂੰ ਜੋ ਰੱਖੇ ਕਾਇਮ
ਉੱਚੀ ਸੋਚ ਮੁਕੰਮਲ ਪੀਰ ਹੋਵੇ

ਪਰਖੀ ਜਾਂਦੀ ਏ ਨਸਲ ਜੂਝਾਰੂਆਂ ਦੀ
ਬਣੀ ਜਦੋਂ ਕਦੇ ਸਿਰ ਭੀੜ ਹੋਵੇ

ਸਿਰ ਝੁਕਦਾ ਅੱਗੇ ਹਰ ਬੋਲ ਓਹਦੇ
ਕਹੀ ਜਿਦ੍ਹੀ ਪੱਥਰ ਲਕੀਰ ਹੋਵੇ

ਸਿਰ ਵੱਢਿਆਂ ਵੀ ਓਹੀਓ ਲੜ ਸਕਦਾ
ਸਿਰ ਪੂਰਾ ਜਿਹਦਾ ਸਰੀਰ ਹੋਵੇ

ਸਾਹ ਟੁੱਟਦਾ ਬਚਨ ਪਰ ਟੁੱਟੇ ਨਾਹੀਂ
ਜ਼ਿੰਦਾ ਓਹੀਓ ਬਸ ਜ਼ਮੀਰ ਹੋਵੇ

ਲਹੂ ਓਸੇ ਹੀ ਕੰਵਲ ਤਾਰੀਖ਼ ਬਣਦੀ
ਜਿਸ ਲਹੂ ਸਿਦਕ ਤਾਮੀਰ ਹੋਵੇ

~0~0~0~0~

- پروفیسر کولدیپ سنگھ کنول

چمکے وچّ اتہاس دے قوم تاں ہی 
قربانی بنی جے تاثیر ہووے

راہے امن ‘تے نشان بلند رکھے
پھڑھی ہتھ بھاویں شمشیر ہووے

لا کے سر سرڑ نوں جو رکھے قایم
اچی سوچ مکمل پیر ہووے

پرکھی جاندی اے نسل جوجھاروآں دی
بنی جدوں کدے سر بھیڑ ہووے

سر جھکدا اگے ہر بول اوہدے
کہی جدھی پتھر لکیر ہووے

سر وڈھیاں وی اوہیؤ لڑ سکدا
سر پورا جہدا سریر ہووے

ساہ ٹٹدا بچن پر ٹٹے ناہیں
زندہ اوہیؤ بس ضمیر ہووے

لہو اوسے ہی کنول تاریخ بندی
جس لہو صدق تعمیر ہووے

Saturday, November 2, 2013

ਕੁਝ ਜਾਗਦੇ ਸਵਾਲ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਆਖ਼ਰ ਗਾਤਰਾ
ਖੰਡਾ ਤੇ ਝੰਡਾ ਹੀ
ਕਿਉਂ ਹਰ ਵਾਰ
ਸ਼ਿਕਾਰ ਹੁੰਦਾ ਹੈ
ਇਹਨਾਂ ਦੀ
ਨਫ਼ਰਤ ਰੱਤੀ
ਕਲਮ-ਨੋਕ ਦਾ ?

ਕਿਉਂ ਹਰ ਸਤਰ
ਹਰ ਸੁਫ਼ਨੇ
ਭਾਲਦੇ ਨੇ ਇਹ
ਪ੍ਰਤੀਕ
ਬਿਨਾ ਗਾਤਰੇ ਤੋਂ
ਖੰਡੇ ਤੋ
ਝੰਡੇ ਤੋ ?

ਕਿਉਂ ਨਹੀਂ ਕਦੇ
ਇਹਨਾਂ ਦੇ ਸੁਫ਼ਨੇ
ਕੋਈ ਕਲਪਨਾ ਕਰ ਸਕਦੇ
ਬਿਨਾਂ ਤਿਲਕ
ਬਿਨਾਂ ਜੰਝੂ
ਤ੍ਰਿਸ਼ੂਲ-ਵਹੀਣ
ਤੇ ਬਿਨਾਂ ਬੰਸਰੀ ਤੇ ਧਨੁੱਖ ਵਾਲੇ
ਜਾਂ ਫ਼ੇਰ ਕਿਸੇ
ਬਿਨ-ਖਤਨੇ ਵਾਲੇ ਦੀ ?

ਸਿੱਖੀ ਦੇ ਨਿਸ਼ਾਨ ਹੀ
ਕਿਉਂ ਹਰ ਵਾਰ
ਢਿੱਡ ਵਿੱਚ
ਸੂਲਾਂ ਵਾਂਗ ਵੱਜਦੇ
ਇਹਨਾਂ ਨਕਲੀ ਕਾਮਰੇਡਾਂ ਨੂੰ
ਸੁੱਤਿਆਂ ਹੋਇਆਂ ਵੀ ?

ਕਿਉਂ ਨਹੀਂ ਲੈਨਿਨ ਜਾਂ ਮਾਰਕਸ
ਬਿਨਾਂ ਤਲਵਾਰਾਂ
ਜਾਂ ਬਿਨ ਬੰਦੂਕਾਂ ਦੇ ਦਿਸਦਾ 
ਤੇ ਮਾਓ ਕਦੇ ਵੀ
ਬਿਨਾਂ ਤੋਪਾਂ ਤੇ ਗੋਲਿਆਂ
ਸੁਪਨੇ ਵਿੱਚ
ਨਹੀਂ ਆਉਂਦਾ ?

"ਤਿਨਾਮਨ ਸਕੇਅਰ" ਦਾ ਕਤਲੇਆਮ
ਤੇ ਹੋਰ ਅਜਿਹੇ ਹਜ਼ਾਰਾਂ
ਕਿਉਂ ਜੁਲਾਬ ਲਾ ਜਾਂਦੇ ਨੇ
ਹਰ ਵਾਰ
ਇਹਨਾਂ ਦੀ ਚੇਤਨਾ ਨੂੰ  ?

ਅਸਲੀ ਕਾਮਰੇਡ ਤਾਂ
ਕਿਸੇ ਦੰਤੇਵਾੜਾ ਦੇ ਜੰਗਲ ਵਿੱਚ
ਪਲ ਪਲ
ਦੋ ਚਾਰ ਹੋ ਰਿਹਾ ਹੋਵੇਗਾ
ਹਕੂਮਤ ਦੀ
ਅਣਰੁੱਕ ਚਲਦੀ
ਗੋਲੀ ਨਾਲ;
ਤੇ ਇਹ ਨਕਲੀ ਕਾਮਰੇਡ
ਹਮੇਸ਼ਾ ਹੀ ਕਿਉਂ
ਸਥਾਪਤੀ ਦੇ ਹਕ ਵਿੱਚ ਭੁਗਤ
ਸੁਪਨ-ਦੋਸ਼ ਦਾ
ਸ਼ਿਕਾਰ ਹੋਏ ਬੈਠੇ ਹਨ ?

Saturday, May 4, 2013

ਕੌਮੀ ਸ਼ਹੀਦ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸ਼ਹੀਦ ਲਫ਼ਜ਼ ਫ਼ਾਰਸੀ ਜ਼ੁਬਾਨ ਦਾ ਹੈ, ਜਿਸਦਾ ਅੱਖਰੀ ਮਤਲਬ ਹੈ ਗਵਾਹ, ਤੇ ਫ਼ਲਸੂਈ ਮਤਲਬ ਹੈ ਸੱਚ ਦੀ ਗਵਾਹੀ ਆਪਣੀ ਜਾਨ ਨਾਲ ਦੇਣ ਵਾਲਾ ...

ਬੇਸ਼ੱਕ ਅੱਜ ਸਾਰੇ ਪੰਜਾਬੀ ਜਾਣਦੇ ਨੇ ਕਿ ਲਗਭਗ ਪੂਰੀ ਪੰਜਾਬੀ ਕੌਮ ਸ਼ਰਾਬ ਅਤੇ ਹੋਰ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਗਲਤਾਨ ਹੋ ਨਕਾਰਾ ਹੋਣ ਦੀ ਹੱਦ ਤੱਕ ਤਬਾਹ ਹੋ ਚੁਕੀ ਹੈ, ਪਰ ਫ਼ੇਰ ਵੀ ਗਾਹੇ-ਬਗਾਹੇ ਆਪਣੇ ਇਸ ਸੱਚ ਤੋਂ ਮੁਨਕਰ ਹੋਣ ਦਾ ਰਾਹ ਭਾਲਦੇ ਰਹਿੰਦੇ ਹਨ, ਤੇ ਜੇ ਕੋਈ ਭੁੱਲ ਭੁਲੇਖੇ ਇਹ ਸੱਚ ਆਖ ਦੇਵੇ ਤਾਂ ਉਸਨੂੰ ਘਰ ਤੱਕ ਨੱਪਣ ਜਾਂਦੇ ਨੇ; ਪਰ ਇੱਕ ਸ਼ਖ਼ਸ਼ ਹੈ, ਜਿਸ ਨੇ ਸ਼ਰਾਬ ਨਾਲ ਰੱਜ ਕੇ ਸਰਹੱਦ ਪਾਰ ਕੀਤੀ, ਉਸੇ ਸ਼ਰਾਬ ਕਾਰਨ ਸਾਰੀ ਜ਼ਿੰਦਗੀ ਦੂਜੇ ਮੁਲਕ ਦੀ ਜੇਲ੍ਹ ਵਿੱਚ ਗਵਾ ਕੇ ਅੰਤ ਉਸੇ ਸ਼ਰਾਬ ਕਾਰਨ ਹੀ ਆਪਣੀ ਜਾਨ ਦੇ ਕੇ ਆਪਣੀ ਕੌਮ ਦੇ ਇਸ ਸੱਚ ਲਈ ਗਵਾਹੀ ਦਿੱਤੀ, ਫ਼ੇਰ ਇਸ ਮਹਾਨ ਕੁਰਬਾਨੀ ਬਦਲੇ ਕਿਉਂ ਨਹੀਂ ਹੋਵੇਗਾ ਉਹ ਮਹਾਨ ਸ਼ਖ਼ਸ਼ ਆਪਣੀ ਪੂਰੀ ਕੌਮ ਦਾ ਕੌਮੀ ਸ਼ਹੀਦ ??

Friday, May 3, 2013

ਮਿੰਨੀ ਕਹਾਣੀ - ਸ਼੍ਰੀ ਜਾਗਰੁਕਤਾ ਵਾਚ

-     ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸ਼੍ਰੀ ਜਾਗਰੁਕਤਾ ਵਾਚ |

ਤੱਤ ਬਿਚਾਰ ਕਥ੍ਯਤੇ |

“ਜਾਗਰੂਕਤਾ ਜ਼ਿੰਦਾਬਾਦ ! ਪੁਜਾਰੀਵਾਦ ਮੁਰਦਾਬਾਦ ! ਕਰਮਕਾਂਡ ਮੁਰਦਾਬਾਦ !”

“ਬਿਲਕੁਲ ਸਹੀ ਕਿਹਾ ! ਪਰ ਉਦੇਸ਼ ਕੀ ਹੈ ?”

“ਕਰਮਕਾਂਡ ਤੇ ਪੁਜਾਰੀਵਾਦ ਦਾ ਖ਼ਾਤਮਾ !!”

“ਬਹੁਤ ਵਧੀਆ ! ਪਰ ਸ਼ੁਰੁਆਤ ਕਿਵੇਂ ਹੋਊਗੀ ?”

“ਕਿਵੇਂ, ਡੇਰਾਵਾਦ, ਕਰਮਕਾਂਡ ! ਮੇਟੋ, ਮੇਟੋ, ਡੇਰਾਵਾਦ !!”

“ਵਾਹ ! ਫ਼ੇਰ ?”

“ਅਨ-ਗ੍ਰੰਥ, ਕਰਮਕਾਂਡ ! ਮੇਟੋ, ਮੇਟੋ, ਅਨ-ਗ੍ਰੰਥ !!”

“ਸਤਿਬਚਨ !”

“ਰਾਗਮਾਲਾ, ਕਰਮਕਾਂਡ ! ਮੇਟੋ, ਮੇਟੋ, ਰਾਗਮਾਲਾ !!”

“ਜੀ !”

“ਸਿੱਖ ਰਹਿਤ ਮਰਿਆਦਾ, ਕਰਮਕਾਂਡ ! ਮੇਟੋ, ਮੇਟੋ, ਸਿਖ ਰਹਿਤ ਮਰਿਆਦਾ !!”

“ਕੀ?”

“ਵੱਖਰੀ ਹੋਂਦ, ਪੰਥ, ਕਰਮਕਾਂਡ ! ਮੇਟੋ, ਮੇਟੋ, ਵੱਖਰੀ ਹੋਂਦ !!”

ਹੈਂਅ ?”

ਜਨਮ, ਅਨੰਦ, ਮ੍ਰਿਤਕ ਸੰਸਕਾਰ, ਕਰਮਕਾਂਡ ! ਮੇਟੋ, ਮੇਟੋ, ਸਭ ਸੰਸਕਾਰ !!

“ਓਏ ?”

“ਕਕਾਰ, ਪਾਹੁਲ, ਕੇਸ, ਕਰਮਕਾਂਡ ! ਮੇਟੋ, ਮੇਟੋ, ਸਾਰੇ ਮੇਟੋ !!”

“ਕੀ ਕਹਿ ਰਹੇ ਹੋ ?”

“ਗੁਰੂ ਗ੍ਰੰਥ ਦਾ ਪ੍ਰਕਾਸ਼, ਕਰਮਕਾਂਡ ! ਮੇਟੋ, ਮੇਟੋ, ਗੁਰੂ ਗ੍ਰੰਥ ਦਾ ਪ੍ਰਕਾਸ਼ !! ”

“ਮੱਤ ਮਾਰੀ ਗਈ ਤੁਹਾਡੀ ?”

“ਭਗਤ ਬਾਣੀ,ਭੱਟ ਬਾਣੀ, ਕਰਮਕਾਂਡ ! ਮੇਟੋ, ਮੇਟੋ, ਸਾਰੀ ਬਾਣੀ !!”

“ਬੰਦ ਕਰੋ ਓਏ !”

“ਗੁਰੂ, ਗੁਰਮਤਿ, ਕਰਮਕਾਂਡ ! ਮੇਟੋ, ਮੇਟੋ, ਬੰਦ ਕਰੋ ਗੁਰੂ ਪੁਕਾਰ !!”

“ਬੱਸ $$$$$$, ਬੰਦ ਕਰੋ ਇਹ ਰੌਲਾ ਤੇ ਚੱਕੋ ਆਪਣਾ ਝੋਲਾ; ਭੱਠ ਪਵੇ ਉਹ ਜਾਗਰੁਕਤਾ ਜੋ ਗੁਰੂ ਤੁੜਾਵੇ !!

Friday, April 5, 2013

ਸਾਡਾ ਹੱਕ (ਮਿੰਨੀ ਕਹਾਣੀ) / ساڈا حق – منی کہانی

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

"ਸਾਡਾ ਹੱਕ !"

"ਓਏ ਕਿਹੜਾ ਹੱਕ ?"

"ਆਪਣੀ ਗੱਲ ਕਹਿਣ ਦਾ ਜਮਹੂਰੀ ਹੱਕ !"

"ਉਏ ਕਿਹੜੇ ਹੱਕ ਦੀ ਗੱਲ ਕਰਦੈਂ ਭੜੂਆ ? ਇਹ ਹੱਕ ਸੰਨ ਸੰਤਾਲੀ ਵਿੱਚ ਈ ਤੇਰੇ ਤੋਂ ਖੋਹ ਲਿਆ ਸੀ; ਯਾਦਦਾਸ਼ਤ ਕਮਜ਼ੋਰ ਹੈ ਜਾਂ ਪੰਜਾਹਵਿਆਂ ਤੋਂ ਛਿਹਾਠ ਤੇ ਸੱਤਰਵਿਆਂ ਤੋਂ ਨੱਬੇ ਦੇ ਦੌਰ ਭੁੱਲ ਗਿਆ; ਤੇਰੇ ਮੂੰਹ ਖੋਲਣ 'ਤੇ ਵੀ ਸੈਂਸਰ ਲੱਗਾ ਹੈ, ਰੱਖ ਜ਼ੁਬਾਨ ਬੰਦ, ਜੇ ਸਾਹ ਲੈਣ ਜੋਗਾ ਰਹਿਣਾ ਈ !"

.................. ਚੁੱਪ ..................

~~~~~~~~~ 

- پروفیسر کولدیپ سنگھ کنول

"ساڈا حق !"

"اوئے کہڑا حق ؟"

"اپنی گلّ کہن دا جمہوری حق !"

"اوئے کہڑے حق دی گلّ کردیں بھڑوآ ؟ ایہہ حق سنّ سنتالی وچّ ای تیرے توں کھوہ لیا سی؛ یادداشت کمزور ہے جاں پنجاہویاں توں چھہاٹھ تے سترویاں توں نبے دے دور بھلّ گیا؛ تیرے منہ کھولن 'تے وی سینسر لگا ہے، رکھ زبان بند، جے ساہ لین جوگا رہنا ای !"

.................. چپّ ..................

Friday, March 29, 2013

ਗੱਡੀ ਸਰਕਾਰੀ ਉੱਤੇ ਲਾਲ ਬੱਤੀ / گڈی سرکاری اتے لال بتی

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ 

ਗੱਡੀ ਸਰਕਾਰੀ ਉੱਤੇ ਲਾਲ ਬੱਤੀ, ਜੱਥੇਦਾਰੀ ਲੁਤਫ਼ ਉਠਾਈਏ ਜੀ |
ਰਾਜ ਨਹੀਂ ਅਸੀਂ ਤਾਂ ਸੇਵਾ ਕਰਨੀ, ਹੱਥ ਜੋੜ ਕੇ ਹੱਥ ਵਰ੍ਹਾਈਏ ਜੀ |
 
ਫ਼ੋਟੋਸ਼ਾਪ ਵਿੱਚ ਸੜ੍ਹਕ ਬਣਦੀ, ਅਸੀਂ ਕਾਗਜ਼ੀ ਪੁੱਲ ਬਣਾਈਏ ਜੀ |
ਆਟਾ ਦਾਲ ਤੇ ਲੈਪਟੋਪ ਵੰਡਣੇ, ਖ਼ੂਬ ਸਬਜ਼ਬਾਗ ਵਿਖਾਈਏ ਜੀ |
 
ਅਸੀਂ ਲੁੱਟੇ-ਪੁੱਟੇ ਹੈ ਖਜ਼ਾਨਾ ਖਾਲ੍ਹੀ, ਬਿਨ ਪੁੱਛਿਆਂ ਆਖ ਸੁਣਾਈਏ ਜੀ |
ਖਜ਼ਾਨਾ ਭਰੂ ਤਾਂਇਓਂ ਤਾਂ ਲੁੱਟਣਾ, ਸਾਹ ਉੱਤੇ ਟੈਕਸ ਲਗਾਈਏ ਜੀ |
 
ਦਰ ਦਰ ਨਾ ਹੁਣ ਪਉ ਰੁਲਣਾ, ਸਿੱਧੀ ਆਪਣੀ ਭੇਟ ਧਰਾਈਏ ਜੀ |
ਹੋਟਲ, ਚੈਨਲ ਜਾਂ ਯੂਨੀਵਰਸਿਟੀ, ਵਿੱਚ ਆਪਣਾ ਹਿੱਸਾ ਰਖਾਈਏ ਜੀ |
 
ਗੋਗੜ ਸਾਡੀ ਕੋਈ ਵਧੀ ਨਾ ਐਵੇਂ, ਅੱਠੇ ਪਹਿਰ ਲੁੱਟ ਮਚਾਈਏ ਜੀ |
ਪੀ ਪਟ੍ਰੋਲ ਕਮੇਟੀਆਂ ਦਾ ਚੱਲੀਏ, ਨਾ ਐਵੇਂ ਈ ਪ੍ਰਧਾਨ ਕਹਾਈਏ ਜੀ |
 
ਪੁੱਤ ਪੋਤਰੇ ਸਕੂਲੋਂ ਫ਼ੇਲ ਹੋਂਦੇ, ਲਾ ਸਿਫ਼ਾਰਸ਼ਾਂ ਪਾਸ ਕਰਾਈਏ ਜੀ |
ਅਸੀਂ ਨੇਤਾ ਪੁੱਤ ਬਣੂੰਗਾ ਮੰਤਰੀ, ਗੁਰ ਪਹਿਲੇ ਦਿਨ ਸਿਖਾਈਏ ਜੀ |

~~~~~~~~~~~

- پروفیسر کولدیپ سنگھ کنول 

گڈی سرکاری اتے لال بتی، جتھیداری لطفَ اٹھائیے جی
راج نہیں اسیں تاں سیوا کرنی، ہتھ جوڑ کے ہتھ ورھائیے جی
 
فوٹوشاپ وچّ سڑھک بندی، اسیں کاغذی پلّ بنائیے جی
آٹا دال تے لیپٹوپ ونڈنے، خوب سبزباگ وکھائیے جی
 
اسیں لٹے-پٹے ہے خزانہ کھالھی، بن پچھیاں آکھ سنائیئے جی
خزانہ بھرو تانئیوں تاں لٹنا، ساہ اتے ٹیکس لگائیے جی
 
در در نہ ہن پؤ رلنا، سدھی اپنی بھیٹ دھرائیے جی
ہوٹل، چینل جاں یونیورسٹی، وچّ اپنا حصہ رکھائیے جی
 
گوگڑ ساڈی کوئی ودھی نہ ایویں، اٹھے پہر لٹّ مچائیے جی
پی پٹرول کمیٹیاں دا چلیئے، نہ ایویں ای پردھان کہائیے جی
 
پتّ پوترے سکولوں فیل ہوندے، لا سفارشاں پاس کرائیے جی
اسیں نیتا پتّ بنونگا منتری، گر پہلے دن سکھائیئے جی

Monday, March 18, 2013

ਮਰਿਆਦਾ ਅਤੇ ਪਰੰਪਰਾ / مریادا اتے پرمپرا

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮਰਿਆਦਾ ਅਤੇ ਪਰੰਪਰਾ ਨੂੰ ਇੱਕੋ ਪਲੜੇ ਵਿੱਚ ਤੋਲਣਾ ਸਰਾਸਰ ਬੇਇਮਾਨੀ ਤੇ ਉਸਤੋਂ ਵੀ ਵੱਧ ਬੇਵਕੂਫ਼ੀ ਹੈ; ਮਰਿਆਦਾ ਦਾ ਅਧਾਰ ਸਿਧਾਂਤ ਹੈ, ਜਦਕਿ ਪਰੰਪਰਾ ਸਿਰਫ਼ ਤੇ ਸਿਰਫ਼ ਮਨੌਤਾਂ ਦੀ ਜਰਜਰ ਟੇਕ 'ਤੇ ਟਿਕੀ ਹੈ; ਕਿਸੇ ਵਿਚਾਰਧਾਰਾ ਨੂੰ ਉਸਦੀ ਮਰਿਆਦਾ ਦੀ ਕਸੌਟੀ 'ਤੇ ਹੀ ਪਰਖਿਆ ਜਾ ਸਕਦਾ ਹੈ |
ਜੇ ਜਿੰਦਗੀ ਦੇ ਸਾਦੇ ਜਿਹੇ ਕਾਰਜਾਂ ਨੂੰ ਹੀ ਉਧਾਰਣ ਦੇ ਤੌਰ 'ਤੇ ਲਈਏ ਤਾਂ:
ਤਨ ਕੱਜਣਾ ਮਰਿਆਦਾ ਹੈ, ਪਰ ਦਿਨ ਵਿਸ਼ੇਸ਼ ਜਾਂ ਜਗ੍ਹਾ ਵਿਸ਼ੇਸ਼ 'ਤੇ ਵਿਸ਼ੇਸ਼ ਤਰੀਕੇ ਨਾਲ ਤਨ ਕੱਜਣ (ਜਾਂ ਨਾ ਕੱਜਣ) ਦੇ ਭੁਲੇਖਿਆਂ ਨੂੰ ਪਰੰਪਰਾ ਕਹਿ ਸਕਦੇ ਹਾਂ !
ਢਿੱਡ ਭਰਨ ਲਈ ਸੁਚੱਜੇ ਤਰੀਕੇ ਨਾਲ ਖਾਣਾ ਪਕਾਉਣਾ, ਵਰਤਾਉਣਾ ਤੇ ਖਾਣਾ ਮਰਿਆਦਾ ਹੈ, ਜਦ ਕਿ ਮੌਕੇ ਵਿਸ਼ੇਸ਼ ਅਨੁਸਾਰ ਵਿਸ਼ੇਸ਼ ਖਾਣ ਜਾਂ ਨਾ-ਖਾਣ ਦਾ ਨਿਸ਼ਚਾ ਕਰਨਾ ਪਰੰਪਰਾ ਹੈ !
ਧਰਤੀ ਆਪਣੀ ਨਿਸ਼ਚਿਤ ਚਾਲ ਵਿੱਚ ਮਰਿਆਦਾਬੱਧ ਹੈ, ਪਰ ਜੇਕਰ ਇਸ ਮਰਿਆਦਾ ਦੇ ਅਧੀਨ ਆਉਂਦੇ ਦਿਨ ਤੇ ਰਾਤ ਦੇ ਕਿਸੇ ਇੱਕ ਹਿੱਸੇ ਨੂੰ ਖਾਸ ਮੰਨ ਲਈਏ ਤਾਂ ਉਹ ਪਰੰਪਰਾ ਹੋਵੇਗੀ !
ਸਰੀਰ ਲਈ ਜ਼ਰੂਰੀ ਮਾਤਰਾ ਵਿੱਚ ਸੋਣਾ ਤੇ ਵੇਲੇ ਸਿਰ(?) ਜਾਗਣਾ ਇੱਕ ਕੁਦਰਤੀ ਨਿਯਮ ਵਿੱਚ ਬਣੀ ਮਰਿਆਦਾ ਹੈ, ਤੇ ਇਸ ਸਰੀਰਕ ਘੜੀ ਨੂੰ ਸੁਚਾਰੂ ਰੱਖਣ ਲਈ ਕੁਦਰਤ ਨੇ ਥਕਾਵਟ ਤੇ ਨੀਂਦ ਰੂਪੀ ਸਿਗਨਲ ਪ੍ਰਦਾਨ ਕੀਤੇ ਹਨ, ਪਰ ਕੁਝ ਮਨੌਤਾਂ ਨੂੰ ਅਧਾਰ ਬਣਾ ਕੇ ਸਮੇਂ ਵਿਸ਼ੇਸ਼ ਦੇ ਆਧਾਰਹੀਣ ਭਰਮ ਨੂੰ ਸਿਰ ਮੜ੍ਹ ਦੇਣਾ ਇੱਕ ਖੋਖਲੀ ਪਰੰਪਰਾ ਹੈ !
ਸੋ ਜਿੰਨਾ ਕੋਈ ਵਿਚਾਰਧਾਰਾ ਮਰਿਆਦਾਬੱਧ ਹੋਵੇਗੀ ਉੰਨਾ ਹੀ ਪ੍ਰਪੱਕ ਉਸਦਾ ਮੂਲ ਹੋਵੇਗਾ, ਜੋ ਉਸਨੂੰ ਜ਼ਿੰਦਗੀ ਦੀਆਂ ਦਰਪੇਸ਼ ਸਮੱਸਿਆਵਾਂ ਵਿੱਚ ਸੁੱਚਜੀ ਰਹਿਨੁਮਾਈ ਦੇਣ ਦੇ ਸਮਰਥ ਹੋਵੇਗਾ; ਜਦਕਿ ਪਰੰਪਰਾਵਾਂ ਦਾ ਘੇਰਾ ਜਿੰਨਾ ਕਿਸੇ ਵਿਚਾਰਧਾਰਾ ਦੇ ਦੁਆਲੇ ਵੱਧਦਾ ਜਾਵੇਗਾ ਉੰਨਾ ਹੀ ਉਸਦਾ ਵਾਸਤਵਿਕਤਾ ਨਾਲੋਂ ਸੰਬੰਧ ਟੁੱਟਦਾ ਜਾਵੇਗਾ !

~~~~~~~~~~~

- پروفیسر کولدیپ سنگھ کنول

مریادا اتے پرمپرا نوں اکو پلڑے وچّ تولنا سراسر بے ایمانی تے استوں وی ودھ بے وقوفی ہے؛ مریادا دا ادھار سدھانت ہے، جدکہ پرمپرا صرف تے صرف منوتاں دی جرجر ٹیک 'تے ٹکی ہے؛ کسے وچاردھارا نوں اسدی مریادا دی کسوٹی 'تے ہی پرکھیا جا سکدا ہے |
جے زندگی دے سادے جہے کارجاں نوں ہی ادھارن دے طور 'تے لئیے تاں:
تن کجنا مریادا ہے، پر دن وشیش جاں جگہ وشیش 'تے وشیش طریقے نال تن کجن (جاں نہ کجن) دے بھلیکھیاں نوں پرمپرا کہہ سکدے ہاں !
ڈھڈّ بھرن لئی سچجے طریقے نال کھانا پکاؤنا، ورتاؤنا تے کھانا مریادا ہے، جد کہ موقعے وشیش انوسار وشیش کھان جاں نہ-کھان دا نشچا کرنا پرمپرا ہے !
دھرتی اپنی نشچت چال وچّ مریادابدھّ ہے، پر جیکر اس مریادا دے ادھین آؤندے دن تے رات دے کسے اک حصے نوں خاص منّ لئیے تاں اوہ پرمپرا ہوویگی !
سریر لئی ضروری ماترا وچّ سونا تے ویلے سر(؟) جاگنا اک قدرتی نیم وچّ بنی مریادا ہے، تے اس سریرک گھڑی نوں سچارو رکھن لئی قدرت نے تھکاوٹ تے نیند روپی سگنل پردان کیتے ہن، پر کجھ منوتاں نوں ادھار بنا کے سمیں وشیش دے آدھارہین بھرم نوں سر مڑھ دینا اک کھوکھلی پرمپرا ہے !
سو جنا کوئی وچاردھارا مریادابدھّ ہوویگی انا ہی پرپکّ اسدا مول ہووےگا، جو اسنوں زندگی دیاں درپیش سمسیاواں وچّ سچجی رہنمائی دین دے سمرتھ ہووےگا؛ جدکہ پرمپراواں دا گھیرا جنا کسے وچاردھارا دے دوآلے ودھدا جاویگا انا ہی اسدا واستوکتا نالوں سنبندھ ٹٹدا جاویگا !

Wednesday, February 13, 2013

ਜਮਹੂਰੀਅਤ ਬੁਲੰਦ ਹੈ / جمہوریات بلند ہے

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ 

ਸਭ ਬੋਲਣੇ ਦੇ ਹੱਕ ਖੋਹੇ, ਮੂੰਹ ਕਰਨਾ ਹਰ ਬੰਦ ਹੈ |
ਬਸ ਘੁੱਟ ਰੱਖ ਸਾਹਾਂ ਨੂੰ, ਜਮਹੂਰੀਅਤ ਬੁਲੰਦ ਹੈ |

ਲਾਸ਼ਾਂ ‘ਤੇ ਡਾਹ ਕੁਰਸੀਆਂ, ਚੋਇਆ ਜੋ ਖੂਨ ਪਾਵਿਆਂ,
ਲਹੂ ਲਿੱਬੜੇ ਨੇ ਬੋਲਦੇ, ਜਮਹੂਰੀਅਤ ਬੁਲੰਦ ਹੈ |

ਰਾਖਿਆਂ ਦੀ ਮੌਜ-ਭੇਟ ਨੇ, ਮਲੂਕ ਕੂੰਜਾਂ ਰੱਜ ਨੋਚੀਆਂ,
ਹੁਣ ਚੀਥੜੇ ਪੁਕਾਰਦੇ, ਜਮਹੂਰੀਅਤ ਬੁਲੰਦ ਹੈ |

ਹੰਝੂਆਂ ਗੜੁੱਚ ਅੱਖੀਆਂ, ਤਾਂਘ ਰਹੀਆਂ ਘਰ ਵਾਪਸੀ,
ਅਣਪਛਾਤ ਲੋਥ ਕੂਕੇ, ਜਮਹੂਰੀਅਤ ਬੁਲੰਦ ਹੈ |

ਵਤਨ ਪ੍ਰਸਤੀ ਢਾਲ ਆ, ਬਣੇ ਮਨੁੱਖਤਾ ਦੇ ਘਾਣ ਦੀ,
ਕੁਸਕਿਆ ਗੱਦਾਰ ਬਣੇ, ਜਮਹੂਰੀਅਤ ਬੁਲੰਦ ਹੈ |

ਹੁਣ ਫਾਂਸੀਆਂ ਤੇ ਗੋਲੀਆਂ, ਹਾਸਿਲ ਨੇ ਹਰ ਆਵਾਜ਼ ਦੇ,
ਦੜ੍ਹ ਵੱਟ ਜ਼ਮਾਨਾ ਕੱਟ, ਜਮਹੂਰੀਅਤ ਬੁਲੰਦ ਹੈ |

ਨਪੁੰਸਕਾਂ ਦੀ ਭੀੜ੍ਹ ਸਭ, ਸਿਰ ਝੁਕਾ ਹੈ ਜੀਣਾ ਧਾਰਿਆ,
ਜਾ ਇਜ਼ਤਾਂ ਪਰੋਸ ਰੱਖ, ਜਮਹੂਰੀਅਤ ਬੁਲੰਦ ਹੈ |

~~~~~~~~~~~~~

- پروفیسر کولدیپ سنگھ کنول 

سبھ بولنے دے حق کھوہے، منہ کرنا ہر بند ہے
بس گھٹّ رکھ ساہاں نوں، جمہوریات بلند ہے 

لاشاں ‘تے ڈاہ کرسیاں، چویا جو خون پاویاں،
لہو لبڑے نے بولدے، جمہوریات بلند ہے

راکھیاں دی موج-بھیٹ نے، ملوک کونجاں رجّ نوچیاں،
ہن چیتھڑے پکاردے، جمہوریات بلند ہے

ہنجھوآں گڑچّ اکھیاں، تانگھ رہیاں گھر واپسی،
انپچھات لوتھ کوکے، جمہوریات بلند ہے

وطن پرستی ڈھال آ، بنے منکھتا دے گھان دی،
کسکیا غدار بنے، جمہوریات بلند ہے

ہن پھانسیاں تے گولیاں، حاصل نے ہر آواز دے،
دڑھ وٹّ زمانہ کٹّ، جمہوریات بلند ہے 

نپنسکاں دی بھیڑھ سبھ، سر جھکا ہے جینا دھاریا،
جا ازتاں پروس رکھ، جمہوریات بلند ہے

Thursday, January 24, 2013

ਪਿਛਾਹਾ ਕੂ ਤ੍ਰਾਘਿ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਲਹਿੰਦੇ ਨੂੰ ਪਾਣੀ ਤੋਂ
ਘੁੰਮਾ ਕੇ ਕੰਡ
ਸਫ਼ਰ ਅਰੰਭਿਆ
ਕੁੰਭ ਵਿੱਚ ਸ਼ਮੂਲੀਅਤ ਦਾ
ਪਿਛਾਹਾ ਕੂ ਤ੍ਰਾਘਿ

Wednesday, January 23, 2013

ਇੱਕ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

... ਤੇ ਉਹ ਕਹਿੰਦੇ ਨੇ
ਕਿ ਸਵਾਲ ਹੀ ਨਹੀਂ
ਕੋਈ ਵੱਖਰੀ ਹੋਂਦ ਦਾ;
ਇੱਕ ਅੰਗ ਹੀ ਹੈ ਸਿਰਫ਼,
ਜਦਕਿ ਮਸਲਾ ਹੀ ਹੈ ਸਾਰਾ
ਵੱਖਰੀ ਹੋਂਦ ਦਾ;

ਤੇ ਇਹ ਵੱਖਰੀ ਹੋਂਦ ਤਾਂ
ਆਰੰਭ ਹੋ ਜਾਂਦੀ ਹੈ,
ਪਹਿਲੇ ਅੱਖਰ ਤੋਂ ਹੀ;
ਜਿੱਥੇ ਸ਼ੁਰੂਆਤ ਹੀ
ਹੁੰਦੀ ਹੈ ੧ (ਇੱਕ) ਨਾਲ
ਤੇ ਉਹ ਵੀ ਨਫਰੀ ਲਿੱਖ ਕੇ,
ਕਿ ਕੋਈ ਭੇਦ ਨਾ ਰਹੇ,
ਫ਼ੇਰ ਉਸਦਾ ਮੇਲ ਤਾਂ
ਕੋਈ ਮੂਰਖ ਵੀ ਨਹੀਂ
ਬਿਠਾਲ ਸਕਦਾ
ਤੇਤੀ ਕਰੋੜਾਂ ਨਾਲ;

ਤੇ ਜਿੱਥੇ
ਅਕਸਰੀਅਤ ਤੋਂ ਵੱਧ
ਇਸ਼ਟ ਹੋਣ 'ਤੇ
ਹਰ ਚੜ੍ਹੇ-ਦਿਨ
ਸਮੁੱਚੀ ਖ਼ਲਕਤ ਹੀ
ਸ਼ਿਕਾਰ ਹੋਵੇ
ਦਰ-੨ ਜਾ
ਮਲੀਨ ਹੋਣ ਦੀ
ਗ਼ੁਲਾਮ ਮਾਨਸਿਕਤਾ ਦੀ؛

ਫ਼ੇਰ ਕਿੰਝ
ਮੇਲ ਬੈਠੇਗਾ ਓਸਦਾ
ਜਿੱਥੇ,
ਹੋਂਦ ਇੱਕ,
ਸਿਧਾਂਤ ਇੱਕ,
ਸੋਚ ਇੱਕ
ਤੇ ਕਰਮ ਵੀ ਇੱਕ;

ਤੇ ਜੇ ਅਜਿਹੀ ਸੋਚ
ਕੁਥਾਂਏ ਭਟਕ ਰਹੀ ਹੈ ਅੱਜ
ਤਾਂ ਕਾਰਨ ਵੀ ਇਹੋ
ਇੱਕ ਨਾਲੋਂ ਟੁੱਟਣਾ ਹੈ;
ਇੱਕ ਤੋਂ ਟੁੱਟੇ
ਤੇ ਟੁੱਟਦੇ-੨ ਭੁਰ ਗਏ;
ਤੇ ਫ਼ੇਰ ਭੁਰਿਆਂ ਦਾ ਤੇ
ਕੋਈ ਵਜੂਦ ਵੀ ਨਹੀਂ ਗੋਲਦਾ,
ਬੱਸ
ਬੁੱਲਾ ਹੀ ਕਾਫ਼ੀ ਹੈ ਹਵਾ ਦਾ
ਅਜਿਹੀ ਖ਼ਾਕ ਨੂੰ
ਰੋਲ ਮੇਟਣ ਨੂੰ ...

Saturday, December 29, 2012

ਕ਼ਿਰਦਾਰ / کردار

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਹਰ ਮੋੜ ਬਦਲਦੇ, ਕੁਝ ਇੰਝ ਕ਼ਿਰਦਾਰ ਵੇਖੇ |
ਯ਼ਾਰਾਂ ਦੀਆਂ ਗੱਦਾਰੀਆਂ, ਗੱਦਾਰ ਬਣਦੇ ਯ਼ਾਰ ਵੇਖੇ |
 
ਜਾਬਰ ਜਿਹਨਾਂ ਆਖਦੇ, ਪੈਰ ਉਹਨੀਂ ਜਾਣ ਪਏ,
ਉੱਚੀ ਤਕਰੀਰਾਂ ਵਾਲੇ, ਇਖ਼ਲਾਖ ਤੋਂ ਬੀਮਾਰ ਵੇਖੇ |
 
ਰਲਮਿਲ ਲੱਗ ਆਹਰੇ, ਸਾਂਝੀ ਜੜ੍ਹ ਵੱਢੀ ਜਾਵਣ,
ਵਾਹੋਦਾਹੀ ਹੋੜ ਭੱਜਣ, ਬੀਜ ਨਾਸ਼ਣਹਾਰ ਵੇਖੇ |
 
ਕੂਕਦੇ ਜੇ ਫੁੱਲ ਅੱਜ, ਕੁਰਲਾਉਂਦੀਆਂ ਨੇ ਡਾਲੀਆਂ,
ਟਿੱਡੀ ਦਲ ਝੁੰਡੋ ਝੁੰਡ, ਆਣ ਟੁੱਟੇ ਜੋ ਤਿਆਰ ਵੇਖੇ |
 
ਇੱਕ ਦੀ ਛੱਡ ਟੇਕ ਜੋ, ਹਰ ਦਰ ਮੂੰਹ ਜਾ ਮਾਰਦੇ, 
ਹੱਥ ਪੈਰ ਚੋਹੇਂ ਵੱਖ, ਇਉਂ ਬੇੜੀਆਂ ਸਵਾਰ ਵੇਖੇ |
 
ਪਲਾਂ ਦੀ ਹੀ ਖੇਡ ਵਿੱਚ, ਬਦਲਿਆ ਅਸਲ ਜਿਨ੍ਹਾਂ,
ਅੰਬਰੀਂ ਉਡਾਰੀਆਂ ਜੋ, ਪਤਾਲ ਉਨ੍ਹੀਂ ਖਿਲਾਰ ਵੇਖੇ |
 
ਛੱਡ ਰੋਸਾ ਉਹਨਾਂ ਸੰਗ, ਮੁੱਲ ਆਪਦਾ ਪਵਾ ਗਏ,
ਭਲਾ ਹੋਇਆ ਕੰਵਲ ਜੋ, ਭੇਦ ਆਏ ਬਾਹਰ ਵੇਖੇ |

~~~~~~~~~~~~~~~~~

- پروفیسر کولدیپ سنگھ کنول

ہر موڑ بدلدے، کجھ انجھ کردار ویکھے
یاراں دیاں گداریاں، غدار بندے یار ویکھے
 
جابر جہناں آکھدے، پیر اوہنیں جان پئے،
اچی تقریراں والے، اخلاکھ توں بیمار ویکھے
 
رلمل لگّ آہرے، سانجھی جڑھ وڈھی جاون،
واہوداہی ہوڑ بھجن، بیج ناشنہار ویکھے
 
کوکدے جے پھلّ اج، کرلاؤندیاں نے ڈالیاں،
ٹڈی دل جھنڈو جھنڈ، آن ٹٹے جو تیار ویکھے
 
اک دی چھڈّ ٹیک جو، ہر در منہ جا ماردے،
ہتھ پیر چوہیں وکھ، ایوں بیڑیاں سوار ویکھے 
 
پلاں دی ہی کھیڈ وچّ، بدلیا اصل جنہاں،
عنبریں اڈاریاں جو، پتال انہیں کھلار ویکھے
 
چھڈّ روسا اوہناں سنگ، ملّ آپدا پوا گئے،
بھلا ہویا کنول جو، بھید آئے باہر ویکھے

Tuesday, December 25, 2012

ਢੱਡਾ ਢਾਈ ਟੋਟਰ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਢੱਡਾ ਢਾਈ ਟੋਟਰ ਬਹੇ, ਮਿਲ ਕਰ ਕਰੇ ਵਾਰ ||੧||
ਜੰਮਪੁਰੀ ਮਧੈ ਚੌਂਕੜੀ, ਚਿਤਵੈ ਪੰਥ ਪੇ ਮਾਰ ||੨||
ਚਿਤਵੈ ਪੰਥ ਇਵ ਮਾਰ, ਗੁਰੂ ਤੇ ਗੁਰੂ ਹਟਾਵੇਂ ||੩||
ਲੋਚੈ ਮੇਟਿ ਸਿਧਾਂਤ ਸਭ, ਨਯੀ ਰਹਿਤ ਚਲਾਵੇਂ ||੪||
ਅੰਧਾ ਅੰਧੁਲੇ ਕੀ ਡੋਗਰੀ, ਸ਼ੰਕਾ ਗ੍ਰੰਥ ਗੁਰੂ ਲਾਏ ||੫||
ਆਪਹੂੰ ਬਨੇ ਵਿਦਵਾਨ, ਟੋਟਰ ਢਾਈ ਬਿਠਾਏ ||੬||੧||

Friday, December 21, 2012

ਅਣਖ ਰਹੀ ਵੰਗਾਰ / انکھ رہی ونگار

- ਪ੍ਰੋਫੈ਼ਸਰ ਕਵਲਦੀਪ ਸਿੰਘ ਕੰਵਲ

ਮੇਰੇ ਬੇਸ਼ਰਮਾਂ ਦੇ ਦੇਸ ਵਿੱਚ ਹੋਈ ਗੈਰਤ ਤਾਰੋ ਤਾਰ
ਇੱਥੇ ਘਰ ਘਰ ਲਾਸ਼ਾਂ ਵੱਸਦੀਆਂ ਕਰਕੇ ਖੂਬ ਸਿਗਾਰ
 
ਕੋਈ ਸੜ੍ਹਕੇ ਤੁਰਦੀ ਜਾਂਵਦੀ ਮਹਿਫੂਜ਼ ਰਹੀ ਨਾ ਨਾਰ
ਹਰ ਲੰਡਾ ਬੁੱਚਾ ਉੱਠਦਾ ਕਰਦਾ ਇੱਜ਼ਤਾਂ ‘ਤੇ ਵਾਰ
 
ਖੜ੍ਹੀ ਕੂਕ ਦੁਹਾਈ ਪਾਂਵਦੀ ਕੋਈ ਅਬਲਾ ਵਿੱਚ ਬਜ਼ਾਰ
ਕੋਲੋਂ ਅੱਖ ਮੀਟ ਕੇ ਲੰਘਦੇ ਬਣੀ ਕਾਇਰਤਾ ਕਿਰਦਾਰ
 
ਕੋਈ ਆਣ ਗਲਾਵਿਓਂ ਨੱਪਦਾ ਕੋਈ ਲੀੜੇ ਦਏ ਉਤਾਰ
ਸਿਰ ਸੁੱਟ ਕੇ ਸਹਿੰਦੇ ਜਾਂਵਦੇ ਸਭ ਵੱਡ ਬਣੇ ਸਿਰਦਾਰ
 
ਕੋਈ ਹੇਕਾਂ ਲਾ ਲੱਕ ਮਿਣਦਾ ਕਰ ਧੀਆਂ ਭੈਣ ਖੁਆਰ
ਇਉਂ ਝੂਮ ਕੇ ਉਸਨੂੰ ਗਾਂਵਦੇ ਜਿਵ ਚੁੰਨੀਆਂ ਦਾ ਜਾਰ
 
ਨਸਲਾਂ ਜੋ ਰਹੇ ਉਜਾੜਦੇ ਸਿਰ ਦੀ ਰੋਲਣ ਦਸਤਾਰ
ਮੁੜ੍ਹ ਅੱਗੇ ਜਾ ਕੇ ਨਿਂਵਦੇ ਕਿਹੜੀ ਪਈ ਵੱਗਦੀ ਮਾਰ
 
ਚੰਦ ਦਮੜੇ ਬਸ ਟਪਕਾਂਵਦੇ ਜਿਹਨਾਂ ਮੂੰਹਾਂ ਤੋਂ ਲਾਰ
ਹੱਥ ਦੇ ਉਨ੍ਹਾਂ ਦੇ ਬੇੜੀਆਂ ਕਿਉਂ ਡੁੱਬਦੇ ਵਿੱਚ ਮੰਝਾਰ
 
ਕਿਉਂ ਬੀ ਨੂੰ ਦਾਗ ਲਾਂਵਦੇ ਕਰ ਕੇ ਗਿੱਦੜਾਂ ਦੀ ਕਾਰ 
ਕੰਵਲ ਉੱਠੋ ਜਾਗੋ ਸੁੱਤਿਓ ਅੱਜ ਅਣਖ ਰਹੀ ਵੰਗਾਰ

~~~~~~~~

- پروپھیسر کولدیپ سنگھ کنول

میرے بے شرماں دے دیس وچّ ہوئی غیرت تارو تار
اتھے گھر گھر لاشاں وسدیاں کرکے خوب سگار
 
کوئی سڑھکے تردی جانودی محفوض رہی نہ نعر
ہر لنڈا بچا اٹھدا کردا عزتاں ‘تے وار
 
کھڑی کوک دہائی پانودی کوئی ابلا وچّ بازار
کولوں اکھ میٹ کے لنگھدے بنی کائرتا کردار
 
کوئی آن گلاویوں نپدا کوئی لیڑے دئے اتار
سر سٹّ کے سہندے جانودے سبھ وڈّ بنے سردار
 
کوئی ہیکاں لا لکّ مندا کر دھیاں بھین خوار
ایوں جھوم کے اسنوں گانودے جو چنیاں دا جار
 
نسلاں جو رہے اجاڑدے سر دی رولن دستار
مڑھ اگے جا کے ننودے کہڑی پئی وگدی مار
 
چند دمڑے بس ٹپکانودے جہناں مونہاں توں لار
ہتھ دے اوہناں دے بیڑیاں کیوں ڈبدے وچّ منجھار
 
کیوں بی نوں داغ لانودے کر کے گدڑاں دی کار
کنول اٹھو جاگو ستیو اج انکھ رہی ونگار

Saturday, December 8, 2012

ਬਾਘਾਂ ਦੀ ਸਰਕਾਰ / باگھاں دی سرکار

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਸ਼ੀਂਹ ਬਿਠਾਏ ਤਖ਼ਤ ‘ਤੇ, ਹੈ ਬਾਘਾਂ ਦੀ ਸਰਕਾਰ |
ਕੁੱਤਿਆਂ ਦੇ ਵੱਗ ਸ਼ੂਕਦੇ, ਬੋਟੀਆਂ ਨੋਚਣ ਯਾਰ |
 
ਇਜ਼ਤਾਂ ਸੜ੍ਹਕੇ ਰੁਲਦੀਆਂ, ਚੜ੍ਹੇ ਦਿਨ ਦਿਹਾੜ |
ਕੂਕ ਨਾ ਕੋਈ ਚਲਦੀ, ਘਰ ਵੜ ਮਾਰਨ ਯਾਰ |
 
ਟਿੱਡੀ ਦਲ ਇਉਂ ਆਣ ਪਿਆ, ਕੀ ਖੇਤ ਕੀ ਵਾੜ |
ਸਭ ਕਦਰਾਂ ਖੇਤੀ ਖਾਏ ਗਿਆ, ਏਤੀ ਮਾਰੀ ਮਾਰ |
 
ਅੱਜ ਮਰੇ ਕੱਲ ਭੁੱਲਣਾ, ਪਰਸੋਂ ਫੇਰ ਤਿਆਰ |
ਭੀੜ੍ਹ ਬੇਗੈਰਤ ਭੁੱਲਦੀ, ਨਿਂਵਦੀ ਜੋ ਵਾਰੋ ਵਾਰ |
 
ਫੜ੍ਹ ਕੇ ਨਾਅਰਾ ਖੋਖਲਾ, ਹੋਵਣ ਮੂੜ੍ਹ ਖੁਆਰ |
ਕੰਵਲ ਇੱਦੇ ਈ ਚਲਸੀ, ਨਾ ਹੋਣਾ ਆਰ ਜੇ ਪਾਰ |

~~~~~~~~~~~~~~

- پروفیسر کولدیپ سنگھ کنول

شینہ بٹھائے تخت ‘تے، ہے باگھاں دی سرکار
کتیاں دے وگّ شوکدے، بوٹیاں نوچن یار
 
ازتاں سڑھکے رلدیاں، چڑھے دن دہاڑ
کوک نہ کوئی چلدی، گھر وڑ مارن یار
 
ٹڈی دل ایوں آن پیا، کی کھیت کی واڑ
سبھ قدراں کھیتی کھائے گیا، ایتی ماری مار
 
اج مرے کلّ بھلنا، پرسوں پھیر تیار
بھیڑھ بے غیرت بھلدی، ننودی جو وارو وار
 
پھڑھ کے نعرہ کھوکھلا، ہوون موڑھ خوار
کنول ادے ای چلسی، نہ ہونا آر جے پار

Thursday, November 29, 2012

ਗੁਰੂ ਕਿ ਬਾਬਾ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਗੁਰੂ ਨੂੰ ਬਾਬਾ ਬਣਾ
ਸ਼ਾਇਰ ਢਾਡੀ ਦੇ ਰਸਤਿਓਂ
ਤਿਆਰੀ ਕਰਦਾ
ਤਰਕਸ਼ੀਲ ਪੰਥ ਦਰਦੀ
ਨੀਚ ਦੇ ਸਫ਼ਰ ਦੀ

Sunday, November 25, 2012

ਤੱਤਾ ਤਰਕ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਤੱਤਾ ਤਰਕ ਅੰਧਾ ਕੀਆ, ਅੱਖੀਆਂ ਗਈ ਚੁੰਧਿਆ |
ਸੂਰਜ ਕੋ ਦੀਆ ਬਾਂਟਤਾ, ਨਾ ਮਾਨੂੰ ਕੀ ਰਟੀ ਲਗਾ |
ਮੈਂ ਨਾ ਮੈਨੂੰ ਕੁਰਲਾ ਰਹਾ, ਜਾਨੇ ਸਭਨ ਕੋ ਢੋਰ |
ਸ਼ਤ ਸ਼ਤ ਕਰੇ ਸ੍ਵੈਅੰ ਕੋ, ਮਾਨੇ ਤੱਤ ਨਹਿ ਔਰ |
ਲਾਂਛਨ ਬਰਖਾ ਬਰਖਤੀ, ਮਤਿ ਭਰੀ ਦੁਰਗੰਧ |
ਸ਼ਾਂਖ ਬੈਠ ਜੜ੍ਹ ਕਾਟ ਰਹਾ, ਹੂਆ ਤਰਕ ਕਾ ਅੰਧ |

Friday, November 23, 2012

ਗੁਰੂ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਜੇਕਰ ਅਧਿਆਤਮਕ ਜਗਤ ਨੂੰ ਜਾਣੀਏ ਤਾਂ ਇੱਕ ਬੇਹੱਦ ਸਪਸ਼ਟ ਵਿਚਾਰ ਹੈ - ਗੁਰੂ ਅਖਵਾਇਆ ਗੁਰੂ ਨਹੀਂ ਹੁੰਦਾ, ਗਰੂ ਸਵੀਕਾਰਿਆਂ ਗੁਰੂ ਹੁੰਦਾ ਹੈ ! ਉਸੇ ਤਰ੍ਹਾਂ ਹੀ ਜਿਵੇਂ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਵਕੀਲ ਇਤਿਆਦਿਕ ਅਖਵਾਇਆਂ ਨਹੀਂ ਬਲਕਿ ਕਿਸੇ ਯੂਨੀਵਰਸਿਟੀ ਜਾਂ ਅਧਿਕਾਰਿਤ ਸੰਸਥਾ ਵਲੋਂ ਡਿੱਗਰੀ ਜਾਂ ਪਦਵੀ ਦੇ ਕੇ ਸਵੀਕਾਰਿਆਂ ਹੀ ਇਹ ਸਭ ਬਣੀਦਾ ਹੈ ! ਹਾਂ ਅਧਿਆਤਮ ਵਿੱਚ ਕੋਈ ਡਿੱਗਰੀ ਜਾਂ ਪਦਵੀ ਨਹੀਂ ਹੁੰਦੀ, ਸਿਰਫ਼ ਪੂਰਨ ਸਮਰਪਣ ਸਹਿਤ ਸਵੀਕ੍ਰਿਤੀ ਹੁੰਦੀ ਹੈ ਜਿਸਦਾ ਅਧਾਰ ਆਪਣੇ ਗੁਰੂ 'ਤੇ ਭਰੋਸਾ ਹੁੰਦਾ ਹੈ |

Tuesday, November 20, 2012

ਸੰਵਿਧਾਨ ਤੇ ਸੋਧ

ਅਗਰ ਆਪ ਕਿਸੇ ਵੀ ਸੰਵਿਧਾਨ ਵਿੱਚ ਸੋਧ ਕਰਵਾਉਣੀ ਚਾਹੁੰਦੇ ਹੋ ਤਾਂ ਆਪਨੂੰ ਪੁਰਾਣੇ ਸੰਵਿਧਾਨ ਵਿੱਚ ਪੂਰਨ ਨਿਸ਼ਚਾ ਪ੍ਰਗਟਾ ਕੇ ਹੀ, ਸੰਵਿਧਾਨ ਘੜਨੀ ਸਭਾ ਵਿੱਚ ਬੈਠ ਕੇ, ਸੰਵਿਧਾਨ ਅਨੁਸਾਰ ਹੀ ਚਲਣ ਕਰ ਕੇ ਸੋਧ ਕਰਵਾਉਣ ਦਾ ਹੱਕ ਮਿਲੇਗਾ | ਜੇਕਰ ਆਪ ਉਸ ਸੰਵਿਧਾਨ ਵਿੱਚ ਨਿਸ਼ਚਾ ਹੀ ਨਹੀਂ ਰੱਖਦੇ ਫੇਰ ਆਪ ਉਸਨੂੰ ਸੋਧਣ ਦਾ ਵੀ ਕੋਈ ਹੱਕ ਨਹੀਂ ਰੱਖਦੇ !

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

Wednesday, October 31, 2012

ਹਾਇਕੂ - ਚੁਰਾਸੀਆਂ ਦਾ ਸਫ਼ਰ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਚੁਰਾਸੀਆਂ ਦਾ ਸਫ਼ਰ
ਫ਼ੇਰ ਚੜ੍ਹਿਆ ਨਵੰਬਰ
ਸਿਆਹ ਰਾਤ ਨਾਲ

Comments

.